ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਰੀਦਕੋਟ ਮਿਊਂਸਪਲ ਕੌਂਸਲ ਦੀ ਗੰਭੀਰ ਪ੍ਰਸ਼ਾਸਕੀ ਨਾਕਾਮੀ ਕਾਰਨ ਸ਼ਹਿਰ ਦੇ ਕਈ ਗਰੀਬ ਪਰਿਵਾਰ ਅੱਜ ਅਧੂਰੇ-ਢਹੇ ਘਰਾਂ ਅਤੇ ਖੁੱਲ੍ਹੇ ਆਸਮਾਨ ਹੇਠ ਜੀਊਣ ਲਈ ਮਜਬੂਰ ਹਨ। ਇਹ ਗੰਭੀਰ ਮਸਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਰਗਰਮ ਸਮਾਜ ਸੇਵਕ ਅਰਸ਼ ਸੱਚਰ ਨੇ ਉਜਾਗਰ ਕੀਤਾ। ਅਰਸ਼ ਸੱਚਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਵਿਸਥਾਰਪੂਰਵਕ ਪੱਤਰ ਲਿਖ ਕੇ ਤੁਰੰਤ ਦਖ਼ਲ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਅਨੁਸਾਰ, ਮਿਊਂਸਿਪਲ ਅਧਿਕਾਰੀਆਂ ਨੇ ਬਿਨਾਂ ਪੂਰੀ ਤਕਨੀਕੀ ਜਾਂਚ ਅਤੇ ਜ਼ਮੀਨੀ ਤਸਦੀਕ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਮਨਜ਼ੂਰੀ ਪੱਤਰ ਜਾਰੀ ਕਰ ਦਿੱਤੇ। ਸਰਕਾਰੀ ਭਰੋਸੇ ‘ਤੇ ਗਰੀਬ ਪਰਿਵਾਰਾਂ ਨੇ ਆਪਣੇ ਪੁਰਾਣੇ ਘਰ ਢਾਹ ਦਿੱਤੇ ਪਰ ਬਾਅਦ ਵਿੱਚ ਤਕਨੀਕੀ ਅੜਚਣਾਂ ਦਾ ਹਵਾਲਾ ਦੇ ਕੇ ਫੰਡ ਰੋਕ ਦਿੱਤੇ ਗਏ। ਉਹਨਾਂ ਕਿਹਾ ਕਿ ਅੱਜ ਦੀ ਜ਼ਮੀਨੀ ਹਕੀਕਤ ਬੇਹੱਦ ਦਰਦਨਾਕ ਹੈ, ਕਿਉਂਕਿ ਅਧੂਰੇ ਘਰ, ਬੱਚਿਆਂ ਤੇ ਬਜ਼ੁਰਗਾਂ ਦੀ ਜਾਨ ਨੂੰ ਖ਼ਤਰਾ, ਕਰਜ਼ੇ ਵਿੱਚ ਡੁੱਬਦੇ ਪਰਿਵਾਰ ਅਤੇ ਸਿਸਟਮ ‘ਤੇ ਭਰੋਸਾ ਟੁੱਟ ਰਿਹਾ ਹੈ। ਅਰਸ਼ ਸੱਚਰ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ “ਜੇ ਮਨਜ਼ੂਰੀ ਸਰਕਾਰ ਨੇ ਦਿੱਤੀ ਹੈ, ਤਾਂ ਸਜ਼ਾ ਗਰੀਬ ਨੂੰ ਕਿਉਂ? ਮਿਊਂਸਪਲ ਸਿਸਟਮ ਦੀ ਗਲਤੀ ਦਾ ਖਮਿਆਜ਼ਾ ਕਿਸੇ ਵੀ ਕੀਮਤ ‘ਤੇ ਗਰੀਬ ਪਰਿਵਾਰ ਨਹੀਂ ਭੁਗਤ ਸਕਦੇ।” ਅੰਤ ਵਿਚ ਸ਼੍ਰੀ ਸੱਚਰ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਪੱਤਰ ਵਿੱਚ ਸਪਸ਼ਟ ਤੌਰ ‘ਤੇ ਕਿਹਾ ਕਿ ਪ੍ਰਭਾਵਿਤ ਸਾਰੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਫੰਡ ਤੁਰੰਤ ਜਾਰੀ ਕੀਤੇ ਜਾਣ, ਮਿਊਂਸਪਲ ਗਲਤੀਆਂ ਕਾਰਨ ਲੱਗੀਆਂ ਸਾਰੀਆਂ ਫੀਸਾਂ ਦੀ ਤੁਰੰਤ ਮਾਫ਼ੀ, ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ, ਪ੍ਰਭਾਵਿਤ ਗਰੀਬ ਪਰਿਵਾਰਾਂ ਲਈ ਅਸਥਾਈ ਰਾਹਤ ਅਤੇ ਸੁਰੱਖਿਅਤ ਰਹਾਇਸ਼ ਦਾ ਪ੍ਰਬੰਧ ਕੀਤਾ ਜਾਵੇ। ਅੰਤ ਵਿੱਚ ਅਰਸ਼ ਸੱਚਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬਾਂ ਦੀ ਸਰਕਾਰ ਹੈ। ਇਹ ਮਸਲਾ ਮੈਂ ਹਰ ਪੱਧਰ ‘ਤੇ ਚੁੱਕਾਂਗਾ, ਜਦ ਤੱਕ ਪ੍ਰਭਾਵਿਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਅਤੇ ਛੱਤ ਦਾ ਹੱਕ ਨਹੀਂ ਮਿਲਦਾ।
