ਫ਼ਰੀਦਕੋਟ 26 ਜੂਨ (ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਖ਼ੂਨਦਾਨ ਦਿਵਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵੱਲੋਂ ਵਾਈਸ-ਚਾਂਸਲਰ ਡਾ. ਰਾਜੀਵ ਸੂਦ ਦੀ ਯੋਗ ਰਹਿਨਮਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਨੂੰ ਖ਼ੂਨਦਾਨ ਮਹਾਂਦਾਨ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਬਲੱਡ ਬੈਂਕ ਦੇ ਸਹਿਯੋਗ ਸਦਕਾ ਲਗਾਤਰ ਖ਼ੂਨਦਾਨ ਕੈਂਪ ਲਗਾਉਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਰਾਜੀਵ ਸੂਦ (ਵਾਈਸ-ਚਾਂਸਲਰ, ਬਾਬਾ ਫ਼ਰੀਦ ਯੂਨਵਰਸਿਟੀ ਆਫ਼ ਹੈਲਥ ਸਾਇੰਸਜ਼,ਫ਼ਰੀਦਕੋਟ) ਸਨ। ਇਸ ਮੌਕੇ ਕਾਲਜ ਦੇ ਖ਼ੂਨਦਾਨ ਕੈਂਪ ਦੇ ਇੰਚਾਰਜ ਪ੍ਰੋ. ਬੀਰਇੰਦਰਜੀਤ ਸਿੰਘ ਨੂੰ ਵਿਸ਼ੇਸ਼ ਮਹਿਮਾਨਾਂ ਵਿੱਚੋਂ ਵੱਖ ਵੱਖ ਮੈਡੀਕਲ ਵਿਭਾਗਾਂ ਦੇ ਸੀਨੀਅਰ ਡਾਕਟਰਾਂ ਅਤੇ ਮੈਡੀਕਲ ਸੁਪਰਡੈਂਟ ਡਾ. ਨੀਤੂ ਕੂਕਰ, ਬਲੱਡ ਬੈਂਕ ਦੇ ਸਟਾਫ਼ ਵਿੱਚੋਂ ਡਾ. ਅੰਜਲੀ ਹਾਂਡਾ, ਡਾ. ਵਿਜੇਤਾ ਆਦਿ ਨੇ ਵਿਸ਼ੇਸ਼ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਖਨਗਵਾਲ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਮੰਜੂ ਕਪੂਰ ਨੇ ਸਮੂਹ ਕਾਲਜ ਸਟਾਫ਼ ਨੂੰ ਇਸ ਸ਼ਲਾਘਾਯੋਗ ਉਪਲਬਧੀ ਲਈ ਮੁਬਾਰਕਬਾਦ ਦਿੱਤੀ।