ਆਰਟੀਆਈ ਰਾਹੀਂ ਹੋਇਆ ਖੁਲਾਸਾ
ਬਠਿੰਡਾ,8 ਅਗਸਤ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਪੰਜਾਬ ਸਮੇਤ ਪੂਰੇ ਦੇਸ਼ ਦਾ ਲਗਭਗ ਸਾਰਾ ਹੀ ਸਿਸਟਮ ਭ੍ਰਿਸ਼ਟਾਚਾਰ ਚ ਨੱਕੋ ਨੱਕ ਡੁੱਬ ਚੁੱਕਿਆ ਹੈ ਪਰ ਜੇਕਰ ਦੇਸ਼ ਦੇ ਭਵਿੱਖ ਨੂੰ ਘੜਨ ਵਾਲਾ ਸਿੱਖਿਆ ਸਿਸਟਮ ਹੀ ਭਰਿਸ਼ਟਾਚਾਰ ਦੀ ਦਲਦਲ ਚ ਫਸ ਜਾਵੇ ਤਾਂ ਇਹ ਸੁਭਾਵਿਕ ਹੀ ਚਿੰਤਾ ਦਾ ਵਿਸ਼ਾ ਹੈ। ਪਰ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਰਕਾਰ ਅਖਵਾਉਣ ਵਾਲੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਦੇ ਕਦਾਈ ਕਿਸੇ ਛੋਟੇ ਸਰਕਾਰੀ ਕਰਮਚਾਰੀ ਨੂੰ ਰਿਸ਼ਵਤ ਲੈਂਦਿਆ ਫੜ ਕੇ ਭਾਵੇਂ ਆਪਣੀ ਪਿੱਠ ਥਾਪੜ ਲੈਂਦੀ ਹੈ ਪਰ ਲੋਕਾਂ ਨੇ ਜਿਨਾਂ ਉਮੀਦਾਂ ਨਾਲ ਇਹ ਸਰਕਾਰ ਨੂੰ ਚੁਣਿਆ ਸੀ ਉਹਨਾਂ ਤੋਂ ਇਹ ਸਰਕਾਰ ਕੋਹਾਂ ਦੂਰ ਖੜੀ ਦਿਖਾਈ ਦੇ ਰਹੀ ਹੈ। ਲੱਗਭਗ ਹਰੇਕ ਸਰਕਾਰੀ ਮਹਿਕਮੇ ਵਿੱਚ ਭਰਿਸ਼ਟਾਚਾਰ ਸਮੇਤ ਹਰ ਇੱਕ ਮਹਿਕਮੇ ਅੰਦਰ ਅੱਜ ਵੀ ਰੱਜ ਕੇ ਬੇਖੌਫ ਧਾਂਦਲੀਆਂ ਹੋ ਰਹੀਆਂ ਹਨ।
ਕੁਝ ਅਜਿਹਾ ਹੀ ਮਾਮਲਾ ਜਿਲਾ ਬਠਿੰਡਾ ਦੇ ਪਿੰਡ ਬਹਿਮਣ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤੋਂ ਸਾਹਮਣੇ ਆਇਆ ਹੈ ਜਿੱਥੇ ਸੰਨ 2017 ਤੋਂ 2023 ਤੱਕ ਬਤੌਰ ਪ੍ਰਿੰਸੀਪਲ ਰਹਿਣ ਵਾਲੀ ਮੈਡਮ ਮੰਜੂ ਬਾਲਾ ਤੇ ਇੱਕ ਆਰਟੀਆਈ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਰਾਹੀਂ ਕਥਿਤ ਮੋਟੀ ਧਾਂਦਲੀ ਕਰਨ ਸਮੇਤ ਹੋਰ ਵੀ ਕਈ ਬੇਨਿਯਮੀਆ ਕਰਨ ਦੇ ਖੁਲਾਸੇ ਹੋਏ ਦੱਸੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੈਡਮ ਮੰਜੂ ਬਾਲਾ ਸੰਨ 2017 ਤੋਂ 2023 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਵਿਖੇ ਬਤੌਰ ਪ੍ਰਿੰਸੀਪਲ ਕੰਮ ਕਰਦੇ ਰਹੇ ਹਨ ਅਤੇ ਇਸੇ ਸਮੇਂ ਅੰਤਰਾਲ ਦੌਰਾਨ ਉਹਨਾਂ ਤੇ ਕਥਿਤ ਤੌਰ ਤੇ ਨਿਯਮ ਕਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੀਆਂ ਮਨ ਆਈਆਂ ਕਰਨ ਅਤੇ ਆਈਆਂ ਗ੍ਰਾਂਟਾਂ ਵਿੱਚ ਕਈ ਤਰਾਂ ਦੀਆਂ ਧਾਂਦਲੀਆਂ ਕਰਨ ਦੇ ਇਲਜ਼ਾਮ ਲੱਗੇ ਹਨ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਜੀਤ ਖਾਨ ਨਾਮਕ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੇ ਉਕਤ ਸਕੂਲ ਦੇ ਸੰਬੰਧ ਵਿੱਚ ਇੱਕ ਆਰਟੀਆਈ ਮੰਗੀ ਸੀ ਜਿਸ ਰਾਹੀਂ ਉਹਨਾਂ ਨੂੰ ਕਈ ਅਹਿਮ ਖੁਲਾਸੇ ਅਤੇ ਮੋਟੀਆਂ ਧਾਂਦਲੀਆਂ ਦੇ ਸਬੂਤ ਪ੍ਰਾਪਤ ਹੋਏ ਹਨ। ਉਹਨਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਕਿਸੇ ਅਧਿਕਾਰੀ ਦਾ ਇਨਾ ਲੰਬਾ ਸਮਾਂ ਇੱਕ ਹੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰਦੇ ਰਹਿਣਾ ਆਪਣੇ ਆਪ ਹੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ। ਦੂਜਾ ਲਗਭਗ ਛੇ ਸਾਲਾਂ ਦੇ ਸਮੇਂ ਦੌਰਾਨ ਸਰਕਾਰ ਵੱਲੋਂ ਸਕੂਲ ਲਈ ਦਿੱਤੀ ਗਈ ਗਰਾਂਟ ਚੋਂ ਖਰੀਦੇ ਗਏ ਸਟੇਸ਼ਨਰੀ ਅਤੇ ਹੋਰ ਸਕੂਲ ਨਾਲ ਸੰਬੰਧਤ ਖਰੀਦਦਾਰੀ ਕਰਨ ਦੇ ਕਲੇਮ ਕੀਤੇ ਗਏ ਬਿਲ਼ਾਂ ਉੱਤੇ ਲੋੜੀਦਾ ਨਾਮ ਪਤਾ ਨਾ ਹੋਣਾ ਇਸ ਸ਼ੱਕ ਨੂੰ ਹੋਰ ਪੁਖਤਾ ਕਰਦਾ ਹੈ। ਸ਼ਿਕਾਇਤ ਕਰਤਾ ਨੇ ਅੱਗੇ ਦੱਸਿਆ ਕਿ ਸਿਰਫ ਇਨਾ ਹੀ ਨਹੀਂ ਪ੍ਰਿੰਸੀਪਲ ਮੈਡਮ ਵੱਲੋਂ ਜਿਹੜੇ ਬਿਲ ਖਜ਼ਾਨੇ ਵਿੱਚ ਲਗਾਏ ਗਏ ਹਨ ਉਹ ਉਸ ਸਮਾਨ ਨਾਲ ਸੰਬੰਧਿਤ ਨਾ ਹੋ ਕੇ ਕਿਸੇ ਹੋਰ ਹੀ ਕੰਮ ਨਾਲ ਸੰਬੰਧਿਤ ਦੁਕਾਨਾਂ ਤੋਂ ਲੈ ਕੇ ਲਗਾਏ ਗਏ ਹਨ। ਇਸ ਤੋਂ ਬਿਨਾਂ ਇਸ ਸਕੂਲ ਵਿੱਚ ਰੱਖੇ ਗਏ ਚਾਰ ਕੁੱਕ ਜਿਨਾਂ ਦੀ ਕਿ ਇਸ ਸਮੇਂ ਅੰਤਰਾਲ ਦੌਰਾਨ ਦੋ ਵਾਰ ਵਧੀ ਤਨਖਾਹ ਉਹਨਾਂ ਨੂੰ ਸਮੇਂ ਤੇ ਨਾ ਦੇ ਕੇ ਕਈ ਮਹੀਨਿਆਂ ਦੀ ਵਧੀ ਰਕਮ ਖੁਦ ਹੜੱਪ ਲਈ ਗਈ ਹੈ। ਸ਼ਿਕਾਇਤ ਕਰਤਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਸਕੂਲ ਨੂੰ ਆਈਆਂ ਗਰਾਂਟਾਂ ਅਤੇ ਕੀਤੇ ਖਰਚੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਈ ਵੱਡੇ ਘਪਲੇ ਉਜਾਗਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਇੱਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਾਉਣ ਦੀ ਮੰਗ ਕੀਤੀ ਗਈ ਹੈ।
ਇਸ ਬਾਰੇ ਜਦੋਂ ਪ੍ਰਿੰਸੀਪਲ ਮੈਡਮ ਮੰਜੂ ਬਾਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਕੂਲ ਨਾਲ ਸੰਬੰਧਿਤ ਜੋ ਵੀ ਖਰੀਦਦਾਰੀ ਕੀਤੀ ਗਈ ਹੈ ਉਹ ਅਲੱਗ ਅਲੱਗ ਵਿਭਾਗਾਂ ਅਤੇ ਵਿਸ਼ਿਆਂ ਨਾਲ ਸੰਬੰਧਿਤ ਅਧਿਆਪਕਾਂ ਦੁਆਰਾ ਹੀ ਕੀਤੀ ਗਈ ਹੈ। ਇਸ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਹੈ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਬਤੌਰ ਸਕੂਲ ਮੁਖੀ ਹਰ ਤਰ੍ਹਾਂ ਦੀ ਜਿੰਮੇਵਾਰੀ ਤਾਂ ਤੁਹਾਡੀ ਬਣਦੀ ਹੈ ਤਾਂ ਉਹਨਾਂ ਕਿਹਾ ਕਿ ਸਕੂਲ ਨੂੰ ਪ੍ਰਾਪਤ ਹੋਈਆਂ ਗ੍ਰਾਂਟਾਂ ਨੂੰ ਨਿਯਮ ਅਤੇ ਕਾਨੂੰਨ ਮੁਤਾਬਕ ਹੀ ਵਰਤਿਆ ਗਿਆ ਹੈ।