ਬਰਨਾਲਾ 26 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਬਰਨਾਲਾ ਜ਼ਿਲ੍ਹੇ ਦੇ ਚਰਚਿਤ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿਖੇ 20 ਤੇ 21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਜਿਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ਼ ਹਿੱਸਾ ਲਿਆ।
ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਮਾਂ-ਬੋਲੀ ਨਾਲ਼ ਮੋਹ ਦਰਸਾਉਂਦੀਆਂ ਪੰਜਾਬੀ ਦੀਆਂ ਕਵਿਤਾਵਾਂ ਤੇ ਗੀਤ ਗਾਏ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਸੁੰਦਰ ਲਿਖਾਈ ਤੇ ਅੱਖਰਕਾਰੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਮਾਂ-ਬੋਲੀ ਪੰਜਾਬੀ ਨਾਲ਼ ਸੰਬੰਧਿਤ ਜਾਣਕਾਰੀ ਭਰਪੂਰ ਪੰਜਾਬੀ ਫੱਟੀਆਂ ਤੇ ਹੋਰ ਕਲਾਕਿਰਤੀਆਂ ਤਿਆਰ ਕੀਤੀਆਂ ਗਈਆਂ। ਸੰਤ ਈਸ਼ਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਦੇ ਸਕੂਲ ਮੁਖੀ ਸ. ਬਬਲਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਦੁਆਰਾ ਕੀਤੀਆਂ ਗਤੀਵਿਧੀਆਂ ਦੀ ਪ੍ਰਸੰਸਾ ਕਰਦਿਆਂ, ਆਪਣੀ ਮਾਂ – ਬੋਲੀ ਤੇ ਮਾਣ ਕਰਦਿਆਂ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਪੰਜਾਬੀ ਅਧਿਆਪਕ ਸੁਖਚੈਨ ਸਿੰਘ ਨੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਵਿੱਚ ਇੱਕ ਅਗਵਾਈ ਕਰਤਾ ਦੇ ਤੌਰ ‘ਤੇ ਜ਼ੁੰਮੇਵਾਰੀ ਨਿਭਾਉਦਿਆਂ ਦੱਸਿਆ ਕਿ ਜ਼ਮੀਨੀ ਪੱਧਰ ‘ਤੇ ਪੰਜਾਬੀ ਭਾਸ਼ਾ ਵਿਸ਼ੇ ਦੇ ਪਾਠਕ੍ਰਮ ਨੂੰ ਅਜਿਹੀਆਂ ਰੋਚਕ ਗਤੀਵਿਧੀਆਂ ਨਾਲ਼ ਕਰਨ ਨਾਲ਼ ਬੱਚਿਆਂ ਵਿੱਚ ਤਰਕਮਈ ਸੂਝ ਤੇ ਉਹਨਾਂ ਦੇ ਸਵੈ ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ। ਉਹਨਾਂ ਕਿਹਾ ਸਾਡੀ ਸੰਸਥਾ ਤੇ ਵਿਦਿਆਰਥੀਆਂ ਵੱਲੋਂ ਭਵਿੱਖ ਵਿੱਚ ਮਾਂ – ਬੋਲੀ ਸੰਬੰਧਿਤ ਅਜਿਹੇ ਸ਼ਾਨਦਾਰ ਉਪਰਾਲੇ ਹਮੇਸ਼ਾਂ ਹੁੰਦੇ ਰਹਿਣਗੇ।

