ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ ‘ਤੇ ਵਿੱਦਿਅਕ ਟੂਰ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਤਹਿਤ ਸਰਕਾਰੀ ਹਾਈ ਸਕੂਲ ਔਲਖ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਮੁੱਖ ਅਧਿਆਪਕ ਜਗਜੀਵਨ ਸਿੰਘ ਦੀ ਅਗਵਾਈ ਹੇਠ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਬੀੜ ਤਲਾਬ ਚਿੜੀਆ ਘਰ ਬਠਿੰਡਾ ਦੀ ਵਿਦਿਅਕ ਫੇਰੀ ਲਗਾਈ ਗਈ। ਇਸ ਵਿਦਿਅਕ ਫੇਰੀ ਦੌਰਾਨ ਵਿਦਿਆਰਥੀਆਂ ਨੂੰ ਵਿਸ਼ਾਲ ਲਾਇਬ੍ਰੇਰੀ, ਮਕੈਨੀਕਲ ਲੈਬ, ਮੈਥ ਵਿਭਾਗ, ਆਰਕੀਟੈਕਚਰ ਵਿਭਾਗ, ਰੋਬੌਟਿਕ ਲੇਜ਼ਰ ਪ੍ਰਿੰਟਿੰਗ, ਟੈਕਸਟਾਈਲ ਇੰਜੀਨੀਅਰਿੰਗ, ਕੱਪੜੇ ਬਣਾਉਣ,ਧਾਗੇ ਬਣਾਉਣ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਫੈਸ਼ਨ ਡਿਜ਼ਾਇਨਿੰਗ ਦੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਇਲੈਕਟਰੀਕਲ ਮਕੈਨੀਕਲ ਵਰਕਸ਼ਾਪਾਂ ਦੀ ਵਿਜਿਟ ਕੀਤੀ ਗਈ ਅਤੇ ਵੱਖ-ਵੱਖ ਡਿਪਲੋਮਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਉਪਰੰਤ ਵਿਦਿਆਰਥੀਆਂ ਨੂੰ ਬੀੜ ਤਲਾਬ ਚਿੜੀਆਘਰ ਦੀ ਸੈਰ ਕਰਵਾਈ ਗਈ, ਜਿਸ ਵਿੱਚ ਉਹਨਾਂ ਵੱਲੋਂ ਡੀਅਰ ਸਫਾਰੀ ਅਤੇ ਵੱਖ ਵੱਖ ਪ੍ਰਕਾਰ ਦੇ ਪੰਛੀ ਤੇ ਜਾਨਵਰ ਦੇਖੇ ਗਏ। ਸਮੁੱਚੇ ਟੂਰ ਦੌਰਾਨ ਬੱਚਿਆਂ ਦੀ ਅਗਵਾਈ ਸਕੂਲ ਅਧਿਆਪਕਾ ਮੈਡਮ ਗੁਰਚਰਨ ਕੌਰ, ਰਣਜੀਤ ਕੌਰ, ਨਰਿੰਦਰਜੀਤ ਕੌਰ, ਰਾਜੇਸ਼ ਕੁਮਾਰ ਅਤੇ ਸੱਜਣ ਕੁਮਾਰ ਵੱਲੋਂ ਕੀਤੀ ਗਈ। ਸਾਰੇ ਵਿਦਿਆਰਥੀਆਂ ਨੇ ਇਸ ਵਿਦਿਅਕ ਫੇਰੀ ਦਾ ਭਰਪੂਰ ਆਨੰਦ ਮਾਣਿਆ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

