ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਬਚਣ ਲਈ ਕੀਤਾ ਗਿਆ ਪ੍ਰੇਰਿਤ
ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ ’ਤੇ ਮੁਹੱਲਾ ਸੁਰਗਾਪੁਰੀ ਦੇ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਵਿਖੇ ਐਸ.ਪੀ.ਸੀ. ਗਤੀਵਿਧੀਆਂ ਤਹਿਤ ਸਾਇਬਰ ਸਕਿਉਰਟੀ ਅਤੇ ਸੇਫਟੀ ਜਾਗਰੂਕਤਾ ਪ੍ਰੋਗਰਾਮ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਂਦਰ ਕੋਟਕਪੂਰਾ ਦੇ ਇੰਚਾਰਜ ਏ.ਐਸ.ਆਈ. ਜਗਸੀਰ ਸਿੰਘ ਸੰਧੂ, ਹਰਵਿੰਦਰ ਕੌਰ ਐਚ.ਸੀ., ਸਾਇਬਰ ਸੈੱਲ ਤੋਂ ਟੈਕਨੀਕਲ ਅਸਿਸਟੈਂਟ ਅਮਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਹੋਏ। ਅਮਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਟੈਕਨੀਕਲ ਅਸਿਸਟੈਂਟ ਨੇ ਵਿਸ਼ੇ ਉੱਤੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਹੋ ਕੇ ਚੱਲਣ ਲਈ ਕਿਹਾ। ਉਹਨਾਂ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਕਿਹਾ ਕਿ ਆਪਾਂ ਤਕਨੀਕ ਤੋਂ ਪਾਸੇ ਨਹੀਂ ਹੋ ਸਕਦੇ ਅਤੇ ਨਾ ਹੀ ਇਸ ਤਕਨੀਕ ਨੂੰ ਛੱਡ ਸਕਦੇ ਹਾਂ। ਸਮੇਂ ਦੀ ਮੰਗ ਹੈ ਤਕਨੀਕ, ਸੋ ਇਸ ਦੀ ਸੁਚੱਜੀ ਵਰਤੋਂ ਹੀ ਸਾਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਏਗੀ ਅਤੇ ਆਪਣੇ ਜੀਵਨ ਨੂੰ ਰੁਸ਼ਨਾਏਗੀ। ਇਸ ਸਮੇਂ ਇੰਚਾਰਜ ਸਾਂਝ ਕੇਂਦਰ ਏ.ਐਸ.ਆਈ. ਜਗਸੀਰ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਕਰਨ ਤੋਂ ਗ਼ੁਰੇਜ਼ ਕਰਨ ਲਈ ਕਿਹਾ। ਉਹਨਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸਮਾਜ ਵਿਚਲੀਆਂ ਕੁਰੀਤੀਆਂ ਤੋਂ ਦੂਰ ਰਹਿਣ ਲਈ ਜ਼ਿੰਮੇਵਾਰ ਨਾਗਰਿਕ ਬਣਨ ਲਈ ਕਿਹਾ। ਸਾਈਬਰ ਕਰਾਇਮ ਤੋਂ ਬਚਣ ਲਈ ਮੋਬਾਈਲ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੁਖੀ ਸ਼੍ਰੀ ਮਨੀਸ਼ ਛਾਬੜਾ ਜੀ ਨੇ ਆਈ ਟੀਮ ਨੂੰ ਜੀ ਆਇਆਂ ਕਿਹਾ ਅਤੇ ਸਮੇਂ ਦੀ ਕੁਰੀਤੀ ਸਾਇਬਰ ਕ੍ਰਾਈਮ ਸਬੰਧੀ ਸਾਇਬਰ ਸੁਰੱਖਿਆ ਦੇ ਨਾਲ-ਨਾਲ ਚੱਲ ਰਹੇ ਨਸ਼ਿਆਂ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਵਿਦਿਆਰਥੀਆਂ ਨੂੰ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਸਕੂਲ ਦੀਆਂ ਵਿਦਿਆਰਥਣਾਂ ਜਪਲੀਨ ਕੌਰ ਅਤੇ ਕਰਮਜੀਤ ਕੌਰ ਜਮਾਤ ਦਸਵੀਂ ਬੀ ਨੇ ਭਾਸ਼ਣ ਦਿੱਤਾ ਅਤੇ ਵਿਦਿਆਰਥੀ ਗੁਰਵੀਰ ਸਿੰਘ ਨੇ ਸਾਇਬਰ ਸਕਿਉਰਟੀ ਅਤੇ ਸੇਫਟੀ ਵਿਸ਼ੇ ਸਬੰਧੀ ਕਵਿਤਾ ਪੜ੍ਹੀ। ਰਵਿੰਦਰ ਸਿੰਘ ਸ.ਸ. ਮਾਸਟਰ ਨੋਡਲ ਨੇ ਮੰਚ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕਾ ਸ਼੍ਰੀਮਤੀ ਸੁਨੀਤਾ ਮੈਥ ਮਿਸਟਰੈੱਸ ਅਤੇ ਸ਼੍ਰੀਮਤੀ ਅਮਿਤਾ ਚਾਵਲਾ ਕੰਪਿਊਟਰ ਫੈਕਲਟੀ ਆਦਿ ਵੀ ਹਾਜ਼ਰ ਸਨ।

