ਕੋਟਕਪੂਰਾ, 1 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੁਲਿਸ ਪ੍ਰਸ਼ਾਸ਼ਨ ਦੇ ਚੋਰਾਂ ਅਤੇ ਲੁਟੇਰਿਆਂ ਖਿਲਾਫ ਨਾਕਾਬੰਦੀ ਅਤੇ ਗਸ਼ਤ ਵਧਾਉਣ ਦੇ ਦਾਅਵਿਆਂ ਦੇ ਬਾਵਜੂਦ ਵੀ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਚੋਰਾਂ ਨੇ ਸਦਰ ਥਾਣਾ ਫਰੀਦਕੋਟ ਅਧੀਨ ਆਉਂਦੇ ਪਿੰਡ ਸਾਧਾਂਵਾਲਾ ਦੇ ਸਰਕਾਰੀ ਹਾਈ ਸਕੂਲ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਰਾਤ ਸਮੇਂ ਸਮਾਨ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਸਰਕਾਰੀ ਹਾਈ ਸਕੂਲ ਸਾਧਾਂਵਾਲਾ ਦੇ ਮੁੱਖ ਅਧਿਆਪਕ ਜਗਮੋਹਨ ਸਿੰਘ ਨੇ ਦੱਸਿਆ ਕਿ ਮਿਤੀ 29 ਅਤੇ 30 ਦਸੰਬਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਇਕ ਇਨਵਰਟਰ ਬੈਟਰਾ, ਇਕ ਐਲਸੀਡੀ, ਪ੍ਰੋਜੈਕਟਰ ਸਾਉਂਡ ਬਾਰ, ਸੀਸੀਟੀਵੀ ਕੈਮਰੇ ਆਦਿਕ ਸਮਾਨ ਚੋਰੀ ਕਰ ਲਿਆ। ਪੁਲਿਸ ਚੌਂਕੀ ਗੋਲੇਵਾਲਾ ਦੇ ਇੰਚਾਰਜ ਚਮਕੌਰ ਸਿੰਘ ਸੰਘਾ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਲਗਭਗ 35 ਹਜਾਰ ਰੁਪਏ ਬਣਦੀ ਹੈ। ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖਿਲਾਫ ਆਈਪੀਸੀ ਦੀ ਧਾਰਾ 457/380 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।