ਚਰਨਜੀਤ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਜਾਰੀ
ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
‘ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ’ ਵੱਲੋਂ ਨੇੜਲੇ ਪਿੰਡ ਔਲਖ ਵਿਖੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਛੇਵੀਂ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿੰਨਾਂ ਨੇ ਆਪਣੀਆਂ ਪ੍ਰੀਖਿਆਵਾਂ ’ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕੀਤੀਆਂ ਸਨ। ਆਪਣੇ ਸਵਰਗੀ ਪਿਤਾ ਚਰਨਜੀਤ ਸਿੰਘ ਦੇ ਨਾਮ ’ਤੇ ਐਜੂਕੇਸ਼ਨਲ ਟਰੱਸਟ ਚਲਾ ਰਹੇ ਐਨ.ਆਰ.ਆਈ. ਹਰਿੰਦਰ ਪਾਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਹਰਬੰਸ ਸਿੰਘ ਪਦਮ ਨੇ ਮਹਿਮਾਨਾ ਅਤੇ ਪੋ੍ਰਗਰਾਮ ਵਿੱਚ ਸ਼ਾਮਲ ਸੁਸਾਇਟੀ ਦੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ। ਪਿੰਡ ਦੇ ਸਮਾਜਸੇਵੀ ਅਮਰ ਸਿੰਘ ਮਠਾੜੂ, ਜਸਵਿੰਦਰ ਸਿੰਘ ਬਰਾੜ, ਮਾ ਸੋਮਨਾਥ ਅਰੋੜਾ, ਜਸਕਰਨ ਸਿੰਘ ਭੱਟੀ, ਸੁਨੀਲ ਕੁਮਾਰ ਬਿੱਟਾ ਗਰੋਵਰ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਾਤਾਵਰਣ ਦੀ ਸੰਭਾਲ, ਸਮਾਜਿਕ ਕੁਰੀਤੀਆਂ ਤੋਂ ਬਚਾਅ, ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਪਾਣੀ ਦੀ ਬੱਚਤ, ਉਸਾਰੂ ਸੋਚ ਅਤੇ ਹਾਂਪੱਖੀ ਨਜਰੀਆ ਵਰਗੇ ਨੁਕਤਿਆਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਤੁਸੀਂ ਬਹੁਤ ਵੱਡੇ ਅਫਸਰ ਬਣ ਸਕਦੇ ਹੋ ਪਰ ਉਸ ਨਾਲ ਚੰਗੇ ਇਨਸਾਨ ਬਣਨਾ ਵੀ ਜਰੂਰੀ ਹੈ। ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਨੇ ਸਕੂਲ ਮੁਖੀ ਜਗਜੀਵਨ ਸਿੰਘ ਅਤੇ ਮਹਿਮਾਨਾ ਸਮੇਤ ਸਮੁੱਚੇ ਸਟਾਫ ਦੀ ਹਾਜਰੀ ਵਿੱਚ ਛੇਵੀਂ ਤੋਂ 10ਵੀਂ ਜਮਾਤ ਤੱਕ ਦੇ 15 ਵਿਦਿਆਰਥੀਆਂ ਤੋਂ ਇਲਾਵਾ ਚੰਗੀਆਂ ਪੁਜੀਸ਼ਨਾ ਹਾਸਲ ਕਰਨ ਵਾਲੇ 9 ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਹੋਰ ਲੋੜੀਂਦੇ ਸਟੇਸ਼ਨਰੀ ਦੇ ਸਮਾਨ ਨਾਲ ਸਨਮਾਨਿਤ ਕੀਤਾ। ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਨੇ ਆਖਿਆ ਕਿ ਆਪਣੇ ਪਿਤਾ ਜੀ ਦੀ ਯਾਦ ਵਿੱਚ ਬਣੇ ਚਰਨਜੀਤ ਸਿੰਘ ਐਜੂਕੇਸ਼ਨਲ ਟਰੱਸਟ ਰਾਹੀਂ ਆਪਣੀ ਜਨਮਭੂਮੀ ਅਰਥਾਤ ਪਿੰਡ ਔਲਖ ਵਿਖੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕਰਕੇ ਮਨ ਨੂੰ ਸਕੂਨ ਮਿਲਦਾ ਹੈ। ਉਹਨਾ ਆਖਿਆ ਕਿ ਜੇਕਰ ਉਹ ਕਿਸੇ ਕਾਰਨ ਵਿਦੇਸ਼ ਵਿੱਚੋਂ ਵਾਪਸ ਨਹੀਂ ਪਰਤ ਸਕਦਾ ਤਾਂ ਉਹਨਾ ਦੇ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰ ਜਰੂਰ ਸ਼ਮੂਲੀਅਤ ਕਰਦੇ ਹਨ ਤੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਇਹ ਕਾਰਜ ਹਰ ਸਾਲ ਨਿਰੰਤਰ ਜਾਰੀ ਰਹਿੰਦਾ ਹੈ। ਇਸ ਮੌਕੇ ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
—

