ਜੈਤੋ/ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਅੰਦਰ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਚੋਣਾਂ ਦਾ ਸਿਹਰਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਜਾਂਦਾ ਹੈ। ਵਿਧਾਨ ਸਭਾ ਹਲਕਾ ਜੈਤੋ ਪੁੱਜੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਲਗਾਤਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਵੇੇਂ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਹਨ। ਜਿਵੇਂ ਕਿ ਪੰਚਾਇਤੀ ਚੋਣਾਂ ਲਈ ਅੱਜ ਕੱਲ ਦੇ ਪੜੇ-ਲਿਖੇ ਨੌਜਵਾਨਾਂ ਨੂੰ ਸਰਪੰਚ ਚੁਣਿਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਧਾਇਕ ਅਮੋਲਕ ਸਿੰਘ ਦੀ ਹਾਜਰੀ ਵਿੱਚ ਤਰਵਿੰਦਰ ਸਿੰਘ ਕਿੰਦਾ ਢਿੱਲੋਂ ਨੂੰ ਵਿਧਾਨ ਸਭਾ ਹਲਕਾ ਜੈਤੋ ਅਧੀਨ ਆਉਂਦੇ ਕੋਠੇ ਰਾਮਸਰ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਵਧਾਈ ਦਿੱਤੀ। ਉਹਨਾਂ ਆਖਿਆ ਕਿ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਪੰਜ ਲੱਖ ਰੁਪਏ ਦੀ ਗਰਾਂਟ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ ਅਤੇ ਕਿਸੇ ਨਾਲ ਕੋਈ ਵਿਤਕਰੇਬਾਜੀ ਨਹੀਂ ਹੋਵੇਗੀ। ਉਹਨਾਂ ਤਰਵਿੰਦਰ ਸਿੰਘ ਢਿੱਲੋਂ ਨੂੰ ਆਖਿਆ ਕਿ ਤੁਸੀਂ ਆਪਣੇ ਪਿੰਡ ਦੀ ਚੜਦੀਕਲਾ ਲਈ ਡਟਕ ਕੇ ਕੰਮ ਕਰੋ, ਜਿੱਥੇ ਕਿਤੇ ਤੁਹਾਨੂੰ ਚੰਗਾ ਕੰਮ ਕਰਨ ਲਈ ਮੇਰੇ ਮੱਦਦ ਦੀ ਲੋੜ ਮਹਿਸੂਸ ਹੁੰਦੀ ਹੈ, ਤਦ ਮੇਰੇ ਦਰਵਾਜੇ ਤੁਹਾਡੇ ਲਈ ਹਮੇਸ਼ਾਂ ਖੁੱਲੇ ਰਹਿਣਗੇ। ਇਸ ਮੌਕੇ ਸਰਪੰਚ ਤਰਵਿੰਦਰ ਸਿੰਘ ਕਿੰਦਾ ਢਿੱਲੋਂ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿੰਨਾ ਦੀ ਮਿਹਨਤ ਸਦਕਾ ਉਹਨਾਂ ਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣ ਕੇ ਮਾਣ ਬਖਸ਼ਿਆ ਹੈ। ਇਸ ਮੌਕੇ ਰਿੰਕੂ ਬਰਾੜ ਆਸਟ੍ਰੇਲੀਆ, ਬਿੱਟੂ ਬਰਾੜ ਆਸਟ੍ਰੇਲੀਆ, ਗਿੰਦਾ ਆਸਟ੍ਰੇਲੀਆ, ਕਾਲਾ ਆਸਟ੍ਰੇਲੀਆ, ਸੇਮਾ ਆਸਟ੍ਰੇਲੀਆ, ਗੁਰਪਿਆਰ ਆਸਟ੍ਰੇਲੀਆ, ਸੋਨੀ ਆਸਟ੍ਰੇਲੀਆ ਅਤੇ ਨਿੱਕਾ ਆਸਟ੍ਰੇਲੀਆ ਸਮੇਤ ‘ਆਪ’ ਪਾਰਟੀ ਦੇ ਪਤਵੰਤੇ ਸੱਜਣ ਵੀ ਹਾਜਰ ਸਨ।