ਰਾਸ਼ਨ ਕਿੱਟਾਂ, ਮੱਛਰਦਾਨੀਆਂ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵੰਡ ਜਾਰੀ ।
ਫਰੀਦਕੋਟ 1 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪ੍ਰਸਿੱਧ ਸਮਾਜਸੇਵੀ ਅਤੇ ਕਾਰੋਬਾਰੀ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ, ਡਾ. ਐਸਪੀਐਸ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ 1.5 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫਰੀਦਕੋਟ ਦੇ ਪ੍ਰਧਾਨ ਭਰਪੂਰ ਸਿੰਘ ਤੇ ਪੈ੍ਰਸ ਸਕੱਤਰ ਪਰਦੀਪ ਚਮਕ ਨੇ ਦੱਸਿਆ ਕਿ ਪੰਜਾਬੀਆਂ ਤੇ ਜਦ ਵੀ ਕਦੇ ਔਖਾਂ ਸਮਾਂ ਆਇਆ ਹੈ ਤਾਂ ਐਸਪੀਐਸ ਓਬਰਾਏ ਹਮੇਸ਼ਾ ਪੰਜਾਬੀਆ ਨਾਲ ਖੜੇ ਹਨ । ਉਹਨਾਂ ਕਿਹਾ ਕਿ ਜਦ ਪੰਜਾਬ ਦਾ ਬਹੁਤਾ ਹਿੱਸਾ ਕੁਦਰਤੀ ਆਫਤ ਹੜ ਦੀ ਲਪੇਟ ਵਿੱਚ ਹੈ ਤਾਂ ਓਬਰਾਏ ਸਾਹਿਬ ਨੇ ਹੜ ਪੀੜਤਾਂ ਨੂੰ ਰਾਸ਼ੀ ਤੁਰੰਤ ਜਾਰੀ ਕਰ ਦਿੱਤੀ ਹੈ । ਉਹਨਾਂ ਦੱਸਿਆ ਕਿ ਟਰੱਸਟ ਦੀਆਂ ਟੀਮਾਂ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਜ਼ਰੂਰੀ ਰਾਹਤ ਸਮੱਗਰੀ ਜਿਸ ਵਿੱਚ ਰਾਸ਼ਨ ਕਿੱਟਾਂ, ਮੱਛਰਦਾਨੀਆਂ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ ਪ੍ਰਭਾਵਿਤ ਲੋਕਾਂ ਤੱਕ ਖੁਦ ਪਹੁੰਚਾ ਰਹੀਆਂ ਹਨ। ਉਹਨਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਵਿਸ਼ਵ ਪੱਧਰ ’ਤੇ ਪ੍ਰਸਿੱਧ ਦਾਨੀ, ਡਾ. ਐਸ. ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਅਤੇ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਜੱਸਾ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ, ਸਰਹੱਦੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਪਸ਼ੂਆਂ ਲਈ 20 ਟਨ ਸੁੱਕੇ ਚਾਰੇ ਦੀ ਇੱਕ ਖੇਪ ਉੱਥੋ ਦੀ ਟੀਮ ਵੱਲੋਂ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਦੇ ਭਰਪੂਰ ਸਿੰਘ ਤੇ ਪਰਦੀਪ ਚਮਕ ਨੇ ਕਿਹਾ ਕਿ ਪੰਜਾਬ ਫਿਰ ਤੋਂ ਮੁਸੀਬਤ ਵਿੱਚ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਆਦਿ 8 ਤੋਂ 9 ਜ਼ਿਲਿ੍ਹਆਂ ਦੇ ਲਗਭਗ 1300 ਪਿੰਡ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਜਿੱਥੇ 5-6 ਫੁੱਟ ਪਾਣੀ ਹੈ, ਫਸਲਾਂ ਤਬਾਹ ਹੋ ਗਈਆਂ ਹਨ ਅਤੇ 70-80 ਹਜਾਰ ਪਸ਼ੂ ਚਾਰੇ ਤੋਂ ਬਿਨਾਂ ਹਨ। ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਇੱਥੇ ਜ਼ਰੂਰੀ ਚੀਜ਼ਾਂ ਪਹੁੰਚਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਸ ਤੋਂ ਪਹਿਲਾ ਕਰੋਨਾ ਕਾਲ, ਹੜ ਪੀੜਤ ਤੇ ਕਿਸਾਨ ਅੰਦੋਲਨ ਵਿੱਚ ਵੀ ਆਪਣਾ ਫਰਜ ਨਿਭਾਇਆ ਸੀ ਤੇ ਹਰ ਤਰਾਂ ਦੀ ਸਹਾਇਤਾ ਮਹੁੱਈਆ ਕਰਵਾਈ ਸੀ। ਉਹਨਾਂ ਦੱਸਿਆ ਕਿ ਪਹਿਲਾ ਵੀ ਹੜ ਪ੍ਰਭਾਵਿਤ ਇਲਾਕੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਨਵੇਂ ਮਕਾਨ ਬਣਾਕੇ ਦਿੱਤੇ ਸਨ ਅਤੇ ਪ੍ਰਭਾਵਿਤ ਮਕਾਨਾਂ ਦੀ ਮੁਰੰਮਤ ਕਰਵਾ ਕੇ ਦਿੱਤੀ ਸੀ । ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਅਤੇ ਮੈਨਜਮਿੰਟ ਇਸ ਦੁੱਖ ਦੀ ਘੜੀ ਵਿੱਚ ਪੰਜਾਬੀਆ ਦੇ ਨਾਲ ਹਨ ।