ਸਰੀ,15 ਦਸੰਬਰ (ਹਰਦਮ ਮਾਨ/(ਵਰਲਡ ਪੰਜਾਬੀ ਟਾਈਮਜ਼))
ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ 10 ਦਸੰਬਰ ਨੂੰ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ਼ ਦੇ ਸਾਂਝੇ ਉਪਰਾਲੇ ਨਾਲ ਇਕ ਗੰਭੀਰ, ਵਿਚਾਰਪੂਰਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿੱਖ ਇਤਿਹਾਸ ਅਤੇ ਮਨੁੱਖੀ ਅਧਿਕਾਰਾਂ ਨੂੰ ਸਿੱਖ ਨਜ਼ਰੀਏ ਤੋਂ ਪਰਖਿਆ ਗਿਆ। ਸਮਾਗਮ ਵਿੱਚ ਵਿਦਵਾਨਾਂ, ਸਮਾਜਕ ਕਾਰਕੁਨਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਵਿਸ਼ਾਲ ਹਾਜ਼ਰੀ ਨੇ ਇਸ ਨੂੰ ਵਿਸ਼ੇਸ਼ ਮਹੱਤਵ ਦਿੱਤਾ।
ਇਸ ਮੌਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਗੁਰੂ ਨਾਨਕ ਜਹਾਜ਼ ਦੇ ਸਵਾਰਾਂ ਵਿਚ ਸ਼ਾਮਿਲ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਤੇ ਸ਼ਹੀਦ ਖਾਲੜਾ ਦੇ ਦਾਦਾ ਭਾਈ ਹਰਨਾਮ ਸਿੰਘ ਖਾਲੜਾ ਦੀ ਜੀਵਨੀ ਉੱਤੇ ਪ੍ਰਕਾਸ਼ ਪਾਉਂਦਿਆਂ, ਮਨੁੱਖੀ ਅਧਿਕਾਰਾਂ ਲਈ ਸ਼ਹੀਦ ਖਾਲੜਾ ਦੇ ਅਟੱਲ ਸੰਘਰਸ਼ ਦੀ ਦਰਦਭਰੀ ਪਰ ਪ੍ਰੇਰਕ ਦਾਸਤਾਨ ਸਾਂਝੀ ਕੀਤੀ। ਉਨ੍ਹਾਂ ਦੇ ਵਿਚਾਰਾਂ ਨੇ ਸੰਗਤ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਨੇ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ ਵਿੱਚ ਗੁਰੂ ਨਾਨਕ ਜਹਾਜ਼ ਦੀ ਇਤਿਹਾਸਕ ਮਹੱਤਤਾ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਸੰਘਰਸ਼ ਅਤੇ ਬਹੁ-ਕੌਮੀ ਸੱਭਿਆਚਾਰ ਵਿੱਚ ਉਨ੍ਹਾਂ ਦੀ ਦੇਣ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਨੈਸ਼ਨਲ ਮੀਡੀਆ ਵਿੱਚ ਸਿੱਖ ਇਤਿਹਾਸ ਅਤੇ ਸੰਘਰਸ਼ ਬਾਰੇ ਬਣਾਏ ਜਾ ਰਹੇ ਗਲਤ ਬਿਰਤਾਂਤਾਂ ਉੱਤੇ ਵੀ ਤਿੱਖੀ ਟਿੱਪਣੀ ਕੀਤੀ ਅਤੇ ਖੁੱਲ੍ਹੀ ਗੱਲਬਾਤ ਦੀ ਲੋੜ ਉੱਤੇ ਜ਼ੋਰ ਦਿੱਤਾ।
ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰ ਮਰਹੂਮ ਜਰਨੈਲ ਸਿੰਘ ਚਿੱਤਰਕਾਰ ਵੱਲੋਂ ਤਿਆਰ ਕੀਤੀਆਂ ਗੁਰੂ ਨਾਨਕ ਜਹਾਜ਼ ਸੰਬੰਧੀ ਚਾਰ ਵੱਡ-ਆਕਾਰੀ ਪੇਂਟਿੰਗਾਂ ਦੀ ਵਿਸ਼ੇਸ਼ ਨੁਮਾਇਸ਼ ਲਾਈ ਗਈ। ਇਸ ਦੇ ਨਾਲ ਹੋਰ ਇਤਿਹਾਸਕ ਤਸਵੀਰਾਂ ਅਤੇ ਜਾਣਕਾਰੀ ਭਰਪੂਰ ਪੈਨਲ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ ਗਏ, ਜਿਨ੍ਹਾਂ ਨੇ ਇਤਿਹਾਸ ਨੂੰ ਦ੍ਰਿਸ਼ਟੀਗਤ ਰੂਪ ਵਿੱਚ ਜਿਉਂਦਾ ਕਰ ਦਿੱਤਾ।
ਵਣਜਾਰਾ ਨੋਮੈਡ ਕਲੈਕਸ਼ਨਜ਼ ਵੱਲੋਂ ਰਾਜ ਸਿੰਘ ਭੰਡਾਲ ਨੇ ‘ਅਸੀਂ ਦੱਖਣੀ ਏਸ਼ੀਆਈ ਨਹੀਂ ਹਾਂ’ ਮੁਹਿੰਮ, ਵੈਨਕੂਵਰ ਯੂਨੀਵਰਸਿਟੀ ਵਿੱਚ ਲੱਗੀ ‘ਓਵਰਕਾਸਟ’ ਨਾਂ ਦੀ ਪ੍ਰਦਰਸ਼ਨੀ ਅਤੇ ਮਿਊਜ਼ੀਅਮਾਂ ਨਾਲ ਜੁੜੇ ਵਿਵਾਦਤ ਮਸਲਿਆਂ ਬਾਰੇ ਤੱਥਪੂਰਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਿੱਖ ਪਛਾਣ ਅਤੇ ਇਤਿਹਾਸ ਨੂੰ ਅਕਾਦਮਿਕ ਅਤੇ ਸੱਭਿਆਚਾਰਕ ਢਾਂਚਿਆਂ ਵਿੱਚ ਅਕਸਰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ।
ਸਮਾਗਮ ਦਾ ਸੁਚੱਜਾ ਸੰਚਾਲਨ ਤਜਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ, ਜਦਕਿ ਸੰਗਤਾਂ ਦਾ ਧੰਨਵਾਦ ਡਾ. ਜਸਜੋਤ ਸਿੰਘ ਮਾਨ ਨੇ ਅਦਾ ਕੀਤਾ। ਤਾਜ ਕਨਵੈਂਸ਼ਨ ਸੈਂਟਰ ਦੇ ਕੁਲਤਾਰ ਸਿੰਘ ਥਿਆੜਾ ਅਤੇ ਸਮੂਹ ਪ੍ਰਬੰਧਕਾਂ ਨੇ ਸਮਾਗਮ ਦੀ ਸਫ਼ਲਤਾ ਲਈ ਪਰਜੋਰ ਸਹਿਯੋਗ ਦਿੱਤਾ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸੁਸਾਇਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਵਿਸ਼ੇਸ਼ ਹਾਜ਼ਰੀ ਰਹੀ, ਜਿਨ੍ਹਾਂ ਨੇ ਗੁਰੂ ਨਾਨਕ ਜਹਾਜ਼ ਦੇ ਨਾਂ ਦੀ ਮਾਨਤਾ ਅਤੇ ਹੋਰ ਅਹਿਮ ਮੁੱਦਿਆਂ ’ਤੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਵਿੱਚ ਸਹਿਯੋਗ ਦੀ ਪੁਸ਼ਟੀ ਕੀਤੀ। ਤਿੰਨ ਘੰਟੇ ਚੱਲੇ ਇਸ ਸਮਾਗਮ ਦੌਰਾਨ ਗੁਰੂ ਨਾਨਕ ਜਹਾਜ਼ ਦੇ ਇਤਿਹਾਸਕ ਪ੍ਰਸੰਗ, ‘ਅਸੀਂ ਦੱਖਣੀ ਏਸ਼ੀਆਈ ਨਹੀਂ ਹਾਂ’ ਅਤੇ ਯੂਨੀਵਰਸਿਟੀਆਂ ਵਿੱਚ ਹੋ ਰਹੀ ‘ਸਿੱਖ ਵਿਰੋਧੀ ਸਿਧਾਂਤਕ ਘੇਰਾਬੰਦੀ’ ਬਾਰੇ ਡੂੰਘੀ ਤੇ ਤਰਕਸੰਗਤ ਵਿਚਾਰ-ਚਰਚਾ ਹੋਈ।

