ਸਰੀ, 12 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਰਹਿੰਦੀ ਪਿੰਡ ਦੌਲਤਪੁਰ ਦੀ ਸਮੂਹ ਸੰਗਤ ਵੱਲੋਂ ਬੀਤੇ ਦਿਨੀਂ ਸ਼ਹੀਦ ਬਬਰ ਕਰਮ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਯਾਦ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਅਤੇ ਇਤਿਹਾਸਿਕ ਵਿਚਾਰਾਂ ਹੋਈਆਂ, ਜਿਸ ਦੌਰਾਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਵਾਈ ਅਤੇ ਬਬਰ ਅਕਾਲੀ ਯੋਧਿਆਂ ਨੂੰ ਯਾਦ ਕੀਤਾ।
ਇਸ ਮੌਕੇ ‘ਤੇ ਬੋਲਦਿਆਂ ਡਾ. ਗੁਰਵਿੰਦਰ ਸਿੰਘ ਨੇ ਬਬਰ ਅਕਾਲੀ ਲਹਿਰ ਤੇ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਹਨਾਂ ਦੇ ਸਾਥੀਆਂ ਦੇ ਸੰਘਰਸ਼ ਬਾਰੇ ਇਤਿਹਾਸਕ ਪੰਨਿਆਂ ‘ਚੋਂ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ 102 ਸਾਲ ਪਹਿਲਾਂ ਐਬਸਫੋਰਡ, ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਮਹਾਨ ਯੋਧੇ ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ‘ਚੀਫ਼ ਐਡੀਟਰ’ ‘ਬਬਰ ਅਕਾਲੀ ਲਹਿਰ’ ਦੀ ਜਿੰਦ-ਜਾਨ ਸਨ ਅਤੇ ਇਸ ਜਥੇਬੰਦੀ ਨੂੰ ‘ਬਬਰ ਅਕਾਲੀ’ ਨਾਂ ਵੀ ਉਹਨਾਂ ਦੀ ਹੀ ਦੇਣ ਹੈ।
ਉਹਨਾਂ ਦੱਸਿਆ ਕਿ ਭਾਈ ਕਰਮ ਸਿੰਘ, ਉਹਨਾਂ ਦੇ ਭਰਾ ਭਾਈ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਪੌਣੇ ਕੁ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਐਬਸਫੋਰਡ ਸ਼ਹਿਰ ਵਿਚ ਸਾਊਥ ਫਰੇਜ਼ਰ ਵੇਅ ‘ਤੇ ਸੀ। ਉਹਨਾਂ ਇਹ ਜ਼ਮੀਨ ਸਿੱਖ ਕੌਮ ਅਤੇ ਗੁਰਦੁਆਰਾ ਸਾਹਿਬ ਲਈ ਭੇਟ ਕਰਦਿਆਂ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ ‘ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ।
ਬਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋ ਗਏ। ਉਹਨਾਂ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟ ਨੇ ਵੀ ਸ਼ਹੀਦੀਆਂ ਪਾਈਆਂ। ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਚੌਂਤਾਂ ਸਾਹਿਬ, ਇਹਨਾਂ ਬਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਹੈ।
ਉਹਨਾਂ ਦੀ ਇੱਛਾ ਅਨੁਸਾਰ, ਉਹਨਾਂ ਦੀ ਅਤੇ ਥਾਂਦੀ ਭਰਾਵਾਂ ਦੀ ਜ਼ਮੀਨ ‘ਤੇ ਐਬਸਫੋਰਡ ਵਿਖੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸੰਨ 1982 ਵਿੱਚ ਉਸਾਰਿਆ ਗਿਆ ਹੈ। ਦੌਲਤਪੁਰ ਵਾਸੀਆਂ ਵੱਲੋਂ ਇਸ ਮੌਕੇ ‘ਤੇ ਡਾ. ਗੁਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।