ਮਨਮੋਹਨ ਸਿੰਘ ਦਾਊਂ ਪੰਜਾਬੀ ਦਾ ਸੁਹਜਵਾਦੀ ਲੇਖਕ ਹੈ। ਉਹਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿੱਚ ਲਿਖਿਆ ਹੈ, ਖਾਸ ਤੌਰ ਤੇ ਪੁਆਧ ਖਿੱਤੇ ਪ੍ਰਤੀ ਉਹਦੀ ਲਗਨ ਤੇ ਨਿਸ਼ਠਾ ਅਕੱਥ ਹੈ। ਮੁੱਖ ਤੌਰ ਤੇ ਉਹਦੇ ਅੰਦਰ ਇੱਕ ਕਵੀ-ਹਿਰਦਾ ਧੜਕਦਾ ਹੈ ਤੇ ਉਹਦੇ ਹੁਣ ਤੱਕ 13 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਖਾਮੋਸ਼ ਚਸ਼ਮਾ (1971), ਦਰਦ ਸੰਗ ਦੋਸਤੀ (1975), ਮਿੱਟੀ ਦਾ ਰੁਦਨ (1986), ਰਾਤਾਂ ਪ੍ਰਭਾਤਾਂ (1988), ਅਗੰਮ ਅਗੋਚਰ (2003), ਸ਼ਾਇਰੀ ਦਾ ਸਰਵਰ (2007), ਸ਼ਾਇਰੀ ਸਾਗਰ (2011), ਉਦਾਸੀਆਂ ਦਾ ਬੂਹਾ : ਸੁਲੱਖਣੀ (2014), ਪੰਛੀ ਬਿਰਖ ਸੁਹਾਵੜਾ (2016), ਤਿੱਪ ਤੇ ਕਾਇਨਾਤ (2018), ਚਾਨਣ ਦੀ ਪੈੜ (2019), ਸਮਿਆਂ ਦੇ ਨਾਇਕ (2020) ਅਤੇ ਧਰਤੀ ਦੀ ਕੰਬਣੀ (2024)। ਇਨ੍ਹਾਂ ‘ਚੋਂ ਦੋ ਕਿਤਾਬਾਂ ‘ਸ਼ਾਇਰੀ ਸਾਗਰ’ ਅਤੇ ‘ਪੰਛੀ ਬਿਰਖ ਸੁਹਾਵੜਾ’ ਇਨਾਮੀ ਹਨ। ਉਹਦੀਆਂ ਕਾਵਿ-ਕਿਤਾਬਾਂ ਦੇ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹਦੇ ਜ਼ਿਹਨ ‘ਚ ਕਿਤੇ ਨਾ ਕਿਤੇ ਪ੍ਰਕਿਰਤੀ ਮੌਜੂਦ ਹੈ ਤੇ ਉਹਦੀਆਂ ਵਧੇਰੇ ਕਿਤਾਬਾਂ ਪ੍ਰਾਕਿਰਤਕ ਜੀਵਨ ਦੇ ਆਲੇ-ਦੁਆਲੇ ਨਾਲ ਵਾਬਸਤਾ ਹਨ।
ਰੀਵਿਊ ਅਧੀਨ ਕਾਵਿ ਸੰਗ੍ਰਹਿ (ਧਰਤੀ ਦੀ ਕੰਬਣੀ,ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ, ਪੰਨੇ 144, ਮੁੱਲ250/-) ਇਸੇ ਸਾਲ ਫਰਵਰੀ ਦੇ ਮਹੀਨੇ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ ਕੁੱਲ 76 ਕਵਿਤਾਵਾਂ ਹਨ। ਇਨ੍ਹਾਂ ਨੂੰ ਉਹਨੇ ਤਿੰਨ ਭਾਗਾਂ- ਪਹਿਲਾ, ਦੂਜਾ ਤੇ ਤੀਜਾ ਸਰਗ ਵਿੱਚ ਵੰਡ ਕੇ ਕ੍ਰਮਵਾਰ ‘ਚਿੰਤਨ ਤੇ ਸੰਵੇਦਨਾ ਸੰਗ ਤੁਰਦੇ ਤੁਰਦੇ’, ‘ਅਤੀਤ ਦੀ ਖਿੜਕੀ’ ਅਤੇ ‘ਨਿੱਕੀਆਂ ਕਵਿਤਾਵਾਂ- ਵਰਤਮਾਨ ਨਾਲ ਗੱਲਾਂ’ ਹੇਠ ਸਿਰਜਿਆ ਹੈ। ਇਨ੍ਹਾਂ ਵਿੱਚ ਕ੍ਰਮਵਾਰ 40, 10 ਅਤੇ 26 ਕਵਿਤਾਵਾਂ ਸ਼ਾਮਲ ਹਨ।
ਇਸ ਸੰਗ੍ਰਹਿ ਦੀ ਇੱਕ ਹੋਰ ਵਿਲੱਖਣਤਾ ਇਹ ਵੀ ਹੈ ਕਿ ਇਹ ਆਮ ਕਿਤਾਬੀ-ਸਾਈਜ਼ ਵਿੱਚ ਨਹੀਂ ਛਾਪੀ ਗਈ, ਸਗੋਂ ਪੋਥੀ-ਸਾਈਜ਼ ਵਿੱਚ ਪ੍ਰਕਾਸ਼ਿਤ ਹੋਈ ਹੈ। ਸਰਵਰਕ ਬੜਾ ਸੁਹਜਮਈ ਹੈ। ਅੰਤਿਮ ਸਰਵਰਕ ਤੇ ਲੇਖਕ ਦੀ ਫੋਟੋ ਸਮੇਤ ਇੱਕ ਕਵਿਤਾ ਹੈ- ਦਰਦਾਂ ਦੀ ਚੁਟਕੀ। ਹਰ ਸਰਗ ਦੀਆਂ ਕਵਿਤਾਵਾਂ ਤੋਂ ਪਹਿਲਾਂ ਚੌਬਰਗੇ ਵਜੋਂ ਤੁਕਾਂਤਬੱਧ ਕਾਵਿ-ਪੰਕਤੀਆਂ ਹਨ। ਤੇ ਇਸ ਤਰ੍ਹਾਂ ਸੰਗ੍ਰਹਿ ਵਿੱਚ 76+3+1=80 ਕਵਿਤਾਵਾਂ ਹਨ।
ਭੂਮਿਕਾ ਵਜੋਂ ਲਿਖੇ ਸੰਖਿਪਤ ਪ੍ਰਾਕਥਨ ਵਿੱਚ ਕਵੀ ਨੇ ਦੇਸ-ਪਰਦੇਸ ਵਿੱਚ ਵਾਪਰਦੀਆਂ ਚਿੰਤਾਜਨਕ ਘਟਨਾਵਾਂ, ਅਣਮਨੁੱਖੀ ਵਰਤਾਰਿਆਂ, ਪੰਜਾਬੀ ਸੰਸਕ੍ਰਿਤੀ, ਤਹਿਜ਼ੀਬ, ਰਹਿਤਲ ਅਤੇ ਕਵਿਤਾ ਦੇ ਕਰਤਾਰੀ ਕਰਮ ਨੂੰ ਰੇਖਾਂਕਿਤ ਕੀਤਾ ਹੈ। ਉਂਜ ਤਾਂ ਸੰਗ੍ਰਹਿ ਦੀਆਂ ਸਾਰੀਆਂ ਹੀ ਕਵਿਤਾਵਾਂ ਛੋਟੀਆਂ ਹਨ ਪਰ ਪੁਸਤਕ ਦੇ ਤੀਜੇ ਭਾਗ ਦੀਆਂ ਕਵਿਤਾਵਾਂ ਹੋਰ ਵੀ ਛੋਟੀਆਂ ਹਨ ਤੇ ਕੁਝ ਇੱਕ ਤਾਂ 6-6 ਪੰਕਤੀਆਂ ਦੀਆਂ।
ਦਾਊਂ ਨੇ ਵਿਸ਼ਵ ਸਾਹਿਤ ਦੇ ਨਾਲ ਨਾਲ ਪੰਜਾਬੀ ਸਾਹਿਤ, ਖਾਸ ਤੌਰ ਤੇ ਦੇਸ਼-ਵਿਦੇਸ਼ ‘ਚ ਰਚੀ ਜਾ ਰਹੀ ਪੰਜਾਬੀ ਕਵਿਤਾ ਦਾ ਡੂੰਘਾ ਅਧਿਐਨ ਕੀਤਾ ਹੈ ਤੇ ਉਹਨੂੰ ਪਤਾ ਹੈ ਕਿ ਕਵਿਤਾ ਮਹਿਜ਼ ਸ਼ਬਦਾਂ/ਅੱਖਰਾਂ ਦਾ ਚਮਤਕਾਰ ਹੀ ਨਹੀਂ ਹੈ, ਇਸ ‘ਚੋਂ ਵਕ੍ਰੋਕਤੀ ਤੇ ਵਿਸ਼ਿਸ਼ਟਤਾ ਵੀ ਪ੍ਰਗਟ ਹੋਣੀ ਚਾਹੀਦੀ ਹੈ। ਇਸ ਪੱਖੋਂ ਉਹਦੀ 19 ਪੰਕਤੀਆਂ ਵਿੱਚ ਰਚੀ ਇੱਕ ਕਵਿਤਾ ‘ਤੌਲੀਆ’ ਨੇ ਮੈਨੂੰ ਖਾਸ ਤੌਰ ਤੇ ਆਕਰਸ਼ਿਤ ਕੀਤਾ ਹੈ :
ਬਾਥਰੂਮ ‘ਚ ਨਹਾਉਣ ਵੇਲੇ
ਮੈਂ ਅਤੇ ਤੌਲੀਆ
ਇੱਕ-ਮਿੱਕ ਹੋ ਜਾਂਦੇ ਹਾਂ
ਆ ਆਪਾਂ ਵੀ
ਇੰਜ ਹੀ ਮਿਲੀਏ
ਦੂਰੀ ਰਹੇ ਨਾ ਵਿਚਕਾਰ।
ਧੁੱਪੇ ਸੁੱਕਦੇ ਤੌਲੀਏ ਨੂੰ
ਉਹ ਨੀਝ ਲਾ ਤੱਕਣ ਲੱਗਦੀ ਹੈ। (138)
‘ਥਰਮਸ’ ਕਵਿਤਾ ਵਿੱਚ ਵੀ ਮੈਨੂੰ ‘ਤੌਲੀਆ’ ਵਰਗੀ ਕੈਫ਼ੀਅਤ ਤੈਰਦੀ ਨਜ਼ਰ ਆਈ ਹੈ :
“ਕਿੰਨੇ ਠੰਢੇ ਹੱਥ ਨੇ”
ਉਹ ਬੋਲੀ।
“ਦਿਲ ਤਾਂ ਥਰਮਸ ‘ਚ ਪਾਏ
ਦੁੱਧ ਵਾਂਗ ਗਰਮ ਐ।” (136)
ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਇਹ ਕਿਸੇ ਛਿਣ ਵਿੱਚ ਵਾਪਰੇ ਰਹੱਸਾਤਮਕ ਅਨੁਭਵ ਦਾ ਵਰਤਾਰਾ ਹੈ, ਜਿਨ੍ਹਾਂ ਨੂੰ ਲਿਖਣ ਲਈ ਕਵੀ ਨੇ ਕੋਈ ਉਚੇਚ ਨਹੀਂ ਕੀਤੀ। ਅਜਿਹੇ ਵਰਤਾਰੇ ਨੂੰ ਵਰਡਜ਼ਵਰਥ “spontaneous overflow of our powerful feelings” ਕਹਿੰਦਾ ਹੈ।
ਦਾਊਂ ਦੀਆਂ ਬਹੁਤੀਆਂ ਕਵਿਤਾਵਾਂ ਚਿਹਨਮਈ/ਪ੍ਰਤੀਕਮਈ ਹਨ ਤੇ ਇਨ੍ਹਾਂ ਨੂੰ ਸਿੱਧੇ-ਸਾਦੇ ਸ਼ਬਦਾਂ ਵਿੱਚ ਨਹੀਂ ਸਮਝਿਆ ਜਾ ਸਕਦਾ। ਦਰਅਸਲ ਅਜਿਹੀਆਂ ਕਵਿਤਾਵਾਂ ਵਿੱਚ ਉਹ ਕਿਸੇ ਅਦਿੱਖ ਚੀਜ਼ ਵੱਲ ਸੰਕੇਤ ਕਰ ਰਿਹਾ ਹੁੰਦਾ ਹੈ। ਜਿਵੇਂ :
ਅੰਬਰ ਤੇ ਉਡਦੀ ਘੁੱਗੀ
‘ਪਿਕਾਸੋ’ ਨੂੰ ਯਾਦ ਕਰਾਉਂਦੀ (16)
ਸ਼ਾਇਰੀ ਉਦਾਸੀਆਂ ਲਈ ਗਾਉਂਦੀ ਰਬਾਬ ਹੈ (25)
‘ਕੁਝ ਸੋਚੀਏ ਦੇਸ ਪੰਜਾਬ ਲਈ’ (30-31) ਇਸ ਸੰਗ੍ਰਹਿ ਦੀ ਅਜਿਹੀ ਕਵਿਤਾ ਹੈ, ਜਿਸ ਰਾਹੀਂ ਕਵੀ ਦੀ ਆਪਣੇ ਵਤਨ, ਮਿੱਟੀ, ਪੰਜਾਬ ਪ੍ਰਤੀ ਬਿਹਬਲਤਾ ਪ੍ਰਗਟ ਹੋਈ ਹੈ। ਪੂਰੇ ਦੋ ਪੰਨਿਆਂ ਤੇ ਫੈਲੀ ਇਸ ਕਵਿਤਾ ਵਿੱਚ ਕਵੀ ਪੰਜਾਬ ਬਾਰੇ ਚਿੰਤਾ ਦੇ ਨਾਲ ਚਿੰਤਨ ਵੀ ਕਰਦਾ ਹੈ। ਧੀਆਂ, ਪਾਣੀਆਂ, ਪਰਦੇਸ ਜਾ ਰਹੇ ਬੱਚਿਆਂ, ਮਾਂ-ਬੋਲੀ, ਖੁਦਕੁਸ਼ੀਆਂ, ਕਿਰਤ, ਪ੍ਰਕਿਰਤੀ, ਸਭਿਆਚਾਰ ਆਦਿ ਪ੍ਰਤੀ ਡੂੰਘੀ ਸੰਵੇਦਨਾ ਨਾਲ ਲਬਰੇਜ਼ ਇਸ ਕਵਿਤਾ ਨੂੰ ਪੜ੍ਹਦਿਆਂ ਅੱਖਾਂ ਦਾ ਨਮ ਹੋਣਾ ਸੁਭਾਵਿਕ ਹੈ ਤੇ ਇਹੋ ਕਵਿਤਾ ਦਾ ਹਾਸਲ ਹੈ।
ਸੰਗ੍ਰਹਿ ਵਿਚਲੀਆਂ ਦੋ ਕਵਿਤਾਵਾਂ ‘ਪੇਂਡੂ ਘਰ’ (38-39) ਅਤੇ ‘ਸ਼ਹਿਰੀ ਘਰ’ (41-42) ਕ੍ਰਮਵਾਰ ਪਿੰਡ ਅਤੇ ਸ਼ਹਿਰ ਦੇ ਘਰ ਦੀ ਨਿਸ਼ਾਨਦੇਹੀ ਕਰਦੀਆਂ ਹਨ। ਜਿੱਥੇ ਪਹਿਲੀ ਕਵਿਤਾ ਵਿੱਚ ਚੁੱਲਾ-ਚੌਂਕਾ, ਓਟਾ, ਡਿਉਢੀ, ਦਲਾਨ, ਕੋਠੜੀ, ਵਿਹੜਾ, ਬੂਹਾ, ਖਿੜਕੀ, ਮੋਘਾ, ਚੁਬਾਰਾ, ਬੈਠਕ, ਟਾਂਟ, ਸਬਾਤ, ਝਲਿਆਨੀ, ਆਲ਼ੇ, ਆਲ਼ੀਆਂ, ਪੱਤੀ, ਬੀਹੀ, ਟੋਭਿਆਂ, ਖੂਹਾਂ, ਖੇੜਿਆਂ, ਬਾੜਿਆਂ, ਪਥਵਾੜਿਆਂ, ਜਮਾਬੰਦੀ ਜਿਹੇ ਸ਼ਬਦ ਅੱਜ ਦੀ ਪੀੜ੍ਹੀ ਲਈ ਓਪਰੇ ਹੀ ਨਹੀਂ, ਉੱਚਾਰਣ ਅਤੇ ਵਰਤੋਂ-ਵਿਹਾਰ ਪੱਖੋਂ ਵੀ ਮੁਸ਼ਕਿਲ ਹਨ, ਉੱਥੇ ਸ਼ਹਿਰੀ ਘਰ ਵਿੱਚ ਚੌਂਕ, ਕਲੋਨੀ, ਸਟਰੀਟ, ਮਹੱਲਾ, ਸੈਕਟਰ, ਕੋਠੀ, ਬੰਗਲਾ, ਕਾਲ-ਬੈੱਲ, ਡਰਾਇੰਗ ਰੂਮ, ਕਿਚਨ, ਵਾਸ਼ਰੂਮ, ਵੇਟਿੰਗ ਰੂਮ, ਗੈਸਟ ਰੂਮ, ਪਰਸਨਲ ਰੂਮ, ਬਾਰ ਕਾਰਨਰ, ਲਿਫਟਾਂ, ਪਰਦੇ, ਗਮਲੇ, ਗੇਟ, ਲੌਕ ਜਿਹੇ ਸ਼ਬਦ ਆਧੁਨਿਕ ਤਹਿਜ਼ੀਬ ਨਾਲ ਵਾਬਸਤਾ ਹਨ।
‘ਪਰਵਾਸ ਦੀ ਦੌੜ’ (43-45) ਵਿੱਚ ਇੰਜੀਨੀਅਰਿੰਗ, ਨਰਸਿੰਗ ਆਦਿ ਉਚੇਰੀਆਂ ਡਿਗਰੀਆਂ ਹਾਸਲ ਕਰ ਚੁੱਕੇ ਯੁਵਕ-ਯੁਵਤੀਆਂ ਆਈਲਟਸ ਕਰਨ ਪਿੱਛੋਂ ਜ਼ਮੀਨ ਵੇਚ ਕੇ, ਕਰਜ਼ਾ ਲੈ ਕੇ ਧੜਾਧੜ ਵਿਦੇਸ਼ ਜਾ ਰਹੇ ਹਨ, ਪਰ ਕਵੀ ਉਨ੍ਹਾਂ ਦੇ ਇਸ ਵਿਹਾਰ ਤੇ ਹੰਝੂ ਕੇਰਦਾ, ਖੁਰਦੇ ਤੇ ਖੋਖਲੇ ਹੁੰਦੇ ਜਾ ਰਹੇ ਪੰਜਾਬ ਦੀ ਸਲਾਮਤੀ ਲਈ ਉਨ੍ਹਾਂ ਨੂੰ ਏਥੇ ਹੀ ਰਹਿਣ ਦੀ ਅਪੀਲ ਸਮੇਤ ਧਰਤ-ਸੁਹਾਵੀ ਦੀ ਸੁਖ-ਸ਼ਾਂਤੀ ਲਈ ਅਰਦਾਸ ਕਰਦਾ ਹੈ। ਪਰਵਾਸ ਦੀ ਪੀੜਾ ‘ਤੈਰਦੇ ਪੱਤੇ ਦੀ ਦਾਸਤਾਨ’ (58-59), ‘ਪ੍ਰਦੇਸ ਤੁਰਨ ਦਾ ਵੇਲਾ’ (78-79) ਵਿੱਚ ਵੀ ਵਿਦਮਾਨ ਹੈ।
ਇਤਿਹਾਸ ਦੇ ਵਰਕੇ ਵੀ ਇਸ ਸੰਗ੍ਰਹਿ ਦਾ ਹਿੱਸਾ ਬਣੇ ਹਨ। ਜਿਸ ਵਿੱਚ ‘ਮਰਜੀਵੜੀਆਂ’ (53-54) ਕਵਿਤਾ ਪ੍ਰਮੁੱਖ ਹੈ। ਇਸ ਵਿੱਚ ਸ਼ਾਹੀਨ ਬਾਗ ਦੀਆਂ ਜੁਝਾਰੂ ਔਰਤਾਂ ਦੀ ਪਿੱਠ ਥਾਪੜੀ ਗਈ ਹੈ। ‘ਮਨੀਪੁਰ ਅਣਮਨੁੱਖੀ ਤਾਂਡਵ’ (88-89) ਵਿੱਚ ਧੀਆਂ ਦੀ ਅਸਮਤ ਤੇ ਚਿੰਤਾ ਹੈ। ਸੰਗ੍ਰਹਿ ਵਿਚਲੇ ‘ਗੀਤ’ (82-83) ਵਿੱਚ ਕਵੀ ਦਾ ਵਿਰਸੇ ਤੇ ਵਿਰਾਸਤ ਪ੍ਰਤੀ ਹਉਕਾ ਤੇ ਰੁਦਨ ਹੈ। ‘ਗੀਤ’ (84-85) ਵਿੱਚ ਅੰਨਦਾਤੇ ਦੀ ਬੇਬਸੀ ਹੈ।
ਗੁਰਬਾਣੀ, ਭਾਈ ਵੀਰ ਸਿੰਘ, ਸੂਫ਼ੀ ਕਵਿਤਾ ਵਿੱਚ ਵਰਤੇ ਸ਼ਬਦਾਂ ਦੀ ਅਨੁਗੂੰਜ ਕਿਤੇ-ਕਿਤੇ ਸੁਣੀਂਦੀ ਹੈ – ਵਰੰਦੇ, ਚੜ੍ਹੰਦੇ, ਤਪੰਦੇ, ਉਸਰੰਦੇ, ਥੀਵੰਦੇ, ਜਗੰਦੇ, ਵਟੰਦੀ, ਭਵੰਦੀ, ਰਾਤੜੀ; ਪੁਆਧੀ ਸ਼ਬਦ ਪੰਡੋਕਲੀ (51) ਜਾਂ ਫਿਰ ਹਿੰਡ (52), ਚਲੱਕੜ (56) ਆਦਿ। ਸਰਗ ਦੂਜਾ ਦੀਆਂ ਲੱਗਭੱਗ ਸਾਰੀਆਂ ਹੀ ਕਵਿਤਾਵਾਂ ਵਿੱਚ ਵਿਰਸੇ ਦੀਆਂ ਵਿੱਸਰੀਆਂ ਵਸਤਾਂ ਨੂੰ ਪੁਨਰ-ਜੀਵਤ ਕਰਨ ਦਾ ਆਹਰ ਹੈ – ਚੱਕੀ, ਕਟੋਰਾ, ਪੋਰ, ਚੁੱਲਾ, ਤੰਗਲੀ, ਮਿੱਟੀ ਦਾ ਡਲਾ ਆਦਿ ਪੇਂਡੂ ਸੰਸਕ੍ਰਿਤੀ ਨਾਲ ਜੁੜੀਆਂ ਚੀਜ਼ਾਂ ਹਨ, ਜੋ ਹੁਣ ਸ਼ਹਿਰੀਕਰਨ ਦੀ ਆੜ ਹੇਠਾਂ ਹੌਲੀ ਹੌਲੀ ਲੁਪਤ ਹੁੰਦੀਆਂ ਜਾ ਰਹੀਆਂ ਹਨ।
ਅਸਲ ਵਿੱਚ ‘ਧਰਤੀ ਦੀ ਕੰਬਣੀ’ ਕਵੀ ਦੇ ਕੋਮਲ ਅਹਿਸਾਸ ਹਨ, ਜਿਸ ਵਿੱਚ ਸਹਿਜ, ਸੁਹਜ, ਸੁਖ਼ਨ, ਸੰਬਲ ਦਾ ਓਰਾ ਹੈ; ਚਿੰਤਾ ਦੀ ਥਾਂ ਚਿੰਤਨ ਹੈ; ਕੁਦਰਤ ਨੂੰ ਗਲਵੱਕੜੀ ਹੈ; ਵਿਰਸੇ ਦੀਆਂ ਮੋਹ-ਭਿੱਜੀਆਂ ਯਾਦਾਂ ਹਨ। ਕਵੀ ਮਨਮੋਹਨ ਸਿੰਘ ਦਾਊਂ ਦੀ ਨਿਰਉਚੇਚ, ਭਾਵਨਾ-ਭਰਪੂਰ ਕਵਿਤਾ ਦਾ ਖ਼ੈਰ-ਮਕਦਮ!

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.