ਸੰਗਰੂਰ 26 ਅਕਤੂਬਰ (ਜਗਜੀਤ ਸਿੰਘ ਭੁਟਾਲ/ਵਰਲਡ ਪੰਜਾਬੀ ਟਾਈਮਜ਼)
ਲੋਕ ਸੰਗਰਾਮ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਸੁੱਖਮੰਦਰ ਸਿੰਘ ਨੇ ਅੱਜ ਲਹਿਰਾ ਗਾਗਾ ਇਲਾਕੇ ਦੇ ਸਹਿਯੋਗੀ ਸਾਥੀਆਂ ਨਾਲ,ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਖੋਖਰ ਕਲਾਂ ਵਿਖੇ ਉਨ੍ਹਾਂ ਦੀ ਬਣੀ ਯਾਦਗਰ ‘ਤੇ ਉਨ੍ਹਾਂ ਦੀ ਬਰਸੀ ਮਨਾਉਣ ਸਬੰਧੀ ਮੀਟਿੰਗ ਕੀਤੀ ।
ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲਾ ਸੰਗਰੂਰ ਦੇ ਪ੍ਰਧਾਨ ਜਗਜੀਤ ਸਿੰਘ ਭੁਟਾਲ ਨੇ ਦੱਸਿਆ ਕਿ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਹਰ ਸਾਲ ਉਨਾਂ ਦੇ ਜੱਦੀ ਪਿੰਡ ਖੋਖਰ ਕਲਾਂ ਵਿਖੇ ਬਰਸੀ ਮਨਾਈ ਜਾਂਦੀ ਹੈ। ਉਹ ਸਮਝਦਾ ਸੀ ਕਿ ਮੌਜੂਦਾ ਰਾਜ ਪ੍ਰਬੰਧ ਸਾਮਰਾਜੀਆਂ, ਜਗੀਰਦਾਰਾਂ ਅਤੇ ਨੌਕਰਸ਼ਾਹ ਸਰਮਾਏਦਾਰਾਂ ਦੀ ਲੁੱਟ ਦਾ ਸੰਦ ਬਣਿਆ ਹੋਇਆ ਹੈ । 15 ਅਗਸਤ 1947 ਨੂੰ ਜੋ ਆਜ਼ਾਦੀ ਆਈ ਉਹ ਵੀ ਭਾਰਤੀ ਲੋਕਾਂ ਦੇ ਨਾਲ ਇੱਕ ਧੋਖਾ ਸਾਬਤ ਹੋਈ। ਉਸ ਦੇ ਨਾਲ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਵਿੱਚ ਕੋਈ ਫਰਕ ਨਹੀਂ ਪਿਆ। ਫਰਕ ਸਿਰਫ ਇਹ ਪਿਆ ਕਿ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਭਾਰਤੀ ਹਾਕਮ ਗੱਦੀਆਂ ਤੇ ਬਿਰਾਜਮਾਨ ਹੋ ਗਏ। ਹੁਣ ਭਾਰਤ ਦੇ ਬਹੁਤ ਹਿੱਸਿਆਂ ਵਿੱਚ ਜ਼ਮੀਨ ਬਚਾਉਣ ਦੀ ਲੜਾਈ ਚੱਲ ਰਹੀ ਹੈ। ਵਸਤਰ ਦੇ ਜੰਗਲਾਂ ਵਿੱਚ ਖਾਣਿਜ ਪਦਾਰਥਾਂ ਦੇ ਭੰਡਾਰ ਸਾਮਰਾਜੀਆਂ ਨੂੰ ਲੁਟਾਉਣ ਲਈ ਇਨਕਲਾਬੀ ਲਹਿਰ ਤੇ ਖੂਨੀ ਹਮਲਾ ਵਿੱਢਿਆ ਹੋਇਆ ਹੈ। ਉਥੋਂ ਦੇ ਲੋਕ ਵੀ ਆਪਣੇ ਉਜਾੜੇ ਨੂੰ ਰੋਕਣ ਦੇ ਲਈ ਹਕੂਮਤ ਵਿਰੁੱਧ ਸੰਘਰਸ਼ ਕਰ ਰਹੇ ਹਨ।
ਕਾਮਰੇਡ ਸ਼ਮਸ਼ੇਰ ਸ਼ੇਰੀ ਮਜ਼ਦੂਰ ਕਿਸਾਨਾਂ ਦੀ ਪੁੱਗਤ ਵਾਲਾ -ਲੋਕਾਸ਼ਾਹੀ ਰਾਜ- ਲਿਆਉਣ ਲਈ ਪੂਰੀ ਜ਼ਿੰਦਗੀ ਸੰਘਰਸ਼ ਕਰਦਾ ਰਿਹਾ। ਲੋਕ ਸੰਗਰਾਮ ਮੋਰਚਾ ਕਾਮਰੇਡ ਸ਼ਮਸ਼ੇਰ ਸ਼ੇਰੀ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦਾ ਰਹੇਗਾ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਹੁਣ 29 ਨਵੰਬਰ ਨੂੰ 11 ਵਜੇ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਯਾਦਗਰ ਉੱਤੇ ਖੋਖਰ ਕਲਾਂ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾਵੇ। ਇਸ ਦੀ ਤਿਆਰੀ ਲਈ ਇਲਾਕੇ ਦੇ ਵਿੱਚ ਲੋਕਾਂ ਨਾਲ ਸੰਪਰਕ ਮੁਹਿੰਮ ਚਲਾਈ ਜਾਵੇਗੀ।

