ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਗਰ ਕੌਸਲ ਫਰੀਦਕੋਟ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ 40.74 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਫਰੀਦਕੋਟ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਸ਼ਹਿਰ ਵਿੱਚ 40.74 ਲੱਖ ਰੁਪਏ ਖਰਚ ਕਰਕੇ ਸ਼ਹਿਰ ਨਿਵਾਸੀਆਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਕੰਮ ਦੇ ਟੈਂਡਰ ਵਿਭਾਗ ਵੱਲੋਂ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਮੁਸ਼ਕਿਲ ਪੇਸ਼ ਨਾ ਆਵੇ, ਇਸ ਤਹਿਤ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਧਾਇਕ ਸੇਖੋਂ ਨੇ ਦੱਸਿਆ ਕਿ ਜਿੰਨਾਂ ਇਲਾਕੇ ਵਿੱਚ ਪਾਣੀ ਦੀਆਂ ਪਾਈਪਾਂ ਪਾਈਆਂ ਜਾਣੀਆਂ ਹਨ, ਉਹਨਾਂ ਵਿੱਚ ਮੋਹਨ ਐਵੀਨਿਊ, ਗੁਰੂ ਅਰਜਨ ਦੇਵ ਨਗਰ, ਨਿਊ ਟੀਚਰ ਕਲੋਨੀ, ਨਿਊ ਕੈਂਟ ਰੋਡ ਗਲੀ ਨੰ.07 (ਸੱਜਾ ਪਾਸਾ), ਨਿਊ ਹਰਿੰਦਰਾ ਨਗਰ ਦੀ ਗਲੀ ਨੰ:2,3,4 ਅਤੇ ਮੇਨ ਸਟਰੀਟ 05 ਨੰਬਰ, ਡੋਡਾਂਵਾਲਾ ਮੁਹੱਲਾ, ਨਿਊ ਹਰਿੰਦਰਾ ਨਗਰ ਗਲੀ ਨੰ:03 (ਪੰਪ ਵਾਲੀ ਗਲੀ), ਮੁਹੱਲਾ ਮਾਹੀ ਖਾਨਾ, ਭਾਨ ਸਿੰਘ ਕਲੋਨੀ ਗਲੀ ਨੰ:06 (ਸੱਜਾ ਪਾਸਾ) ਅਤੇ ਨਿਊ ਕੈਂਟ ਰੋਡ ਗਲੀ ਨੰ:02 ਦੀ ਸਬ-ਸਟਰੀਟ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਜਲਦ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

