ਸ਼ਹਿਰ ਦੀ ‘ਸਰਾਂ ਮਾਰਕੀਟ’ ਵਿੱਚ ਦੋ ਦੁਕਾਨਾਂ ਦੇ ਸ਼ਟਰ ਤੋੜ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ
ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਚੋਰਾਂ ਦੀ ਤਸਵੀਰ ਕੈਦ
ਫਰੀਦਕੋਟ, 17 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਅੰਦਰ ਲਗਾਤਾਰ ਚੋਰਾਂ ਦੇ ਆਤੰਕ ਨੇ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਜਿੱਥੇ ਆਏ ਦਿਨ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੱਜ ਮੁੜ ਇੱਕ ਵਾਰ ਚੋਰਾਂ ਵੱਲੋਂ ਧੁੰਦ ਦਾ ਫਾਇਦਾ ਚੁੱਕਦੇ ਹੋਏ ਦੋ ਦੁਨਾਕਾ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਚੋਰਾਂ ਵਲੋਂ ਪਹਿਲਾਂ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ, ਜਿੱਥੇ ਦੁਕਾਨ ਅੰਦਰ ਗੱਲੇ ਵਿੱਚ ਪਈ ਨਗਦੀ ਤੋਂ ਇਲਾਵਾ ਮੁਬਿਲ ਆਇਲ ਦੀਆਂ ਕੇਨੀਆਂ ’ਤੇ ਹੱਥ ਸਾਫ਼ ਕੀਤਾ। ਗੌਰਤਲਬ ਹੈ ਕੇ ਚੋਰ ਜਦੋ ਦੁਕਾਨ ਅੰਦਰ ਵੜੇ ਤਾਂ ਉਹਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਜਰੂਰ ਹੋਈਆਂ ਪਰ ਚੋਰਾਂ ਵੱਲੋਂ ਦੁਕਾਨ ਅੰਦਰ ਲੱਗੇ ਕੈਮਰੇ ਦਾ ਮੂੰਹ ਘੁਮਾ ਕੇ ਪਾਸੇ ਕਰ ਆਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਓਥੇ ਇਸ ਤੋਂ ਬਾਅਦ ਦੋ ਦੁਕਾਨਾਂ ਛੱਡ ਇੱਕ ਚਿਕਨ ਦੀ ਦੁਕਾਨ ਨੂੰ ਆਪਣਾ ਨਿਸ਼ਨਾਂ ਬਣਾਇਆ ਪਰ ਗ਼ਨੀਮਤ ਰਹੀ ਕੇ ਉੱਥੇ ਜਿਆਦਾ ਨੁਕਸਾਨ ਨਹੀਂ ਕਰ ਸਕੇ। ਫਿਲਹਾਲ ਮੌਕੇ ’ਤੇ ਪੁੱਜੀ ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਉਧਰ ਦੁਕਾਨਦਾਰਾਂ ਨੇ ਕਹਿਣਾ ਹੈ ਕਿ ਸ਼ਹਿਰ ਅੰਦਰ ਲਗਾਤਾਰ ਵੱਧ ਰਹੀਆਂ ਚੋਰੀਆਂ ਦੇ ਕਾਰਨ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਰ ਪ੍ਰਸ਼ਾਸਨ ਇਹਨਾਂ ਚੋਰੀਆਂ ਨੂੰ ਰੋਕਣ ਵਿੱਚ ਬਿਲਕੁਲ ਅਸਫਲ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਹੈ ਪਰ ਇੱਥੇ ਲਗਾਤਾਰ ਸਰਕਾਰ ‘ਲਾ ਐਂਡ ਆਰਡਰ’ ਦੀ ਸਥਿੱਤੀ ਨੂੰ ਕਾਇਮ ਕਰਨ ਵਿੱਚ ਅਸਫਲ ਸਾਬਤ ਹੋ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜ ਕੇ ਸ਼ਹਿਰ ਵਿੱਚ ਫੈਲੇ ਡਰਦੇ ਮਾਹੌਲ ਨੂੰ ਖਤਮ ਕੀਤਾ ਜਾਵੇ। ਉਧਰ ਜਾਂਚ ਕਰ ਰਹੀ ਪੁਲਿਸ ਪਾਰਟੀ ਨੇ ਦੱਸਿਆ ਕਿ ਲਗਾਤਾਰ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਆਪਣੀ ਦੁਕਾਨਾਂ ਦੀ ਰਾਖੀ ਲਈ ਚੌਂਕੀਦਾਰ ਰੱਖਣ ਜਾਂ ਆਪਣੇ ਦੁਕਾਨਾਂ ਦੇ ਬਾਹਰ ਕੈਮਰੇ ਲਾਏ ਜਾਣ ਪਰ ਇਸ ਪੂਰੀ ਮਾਰਕੀਟ ਦੇ ਵਿੱਚ ਨਾ ਤਾਂ ਕੋਈ ਚੌਂਕੀਦਾਰ ਹੈ ਤੇ ਨਾ ਹੀ ਕਿਸੇ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਧੁੰਦ ਦੇ ਕਾਰਨ ਉਹਨਾਂ ਨੂੰ ਵੀ ਵੱਡੀ ਦਿੱਕਤ ਆਉਂਦੀ ਹੈ ਪਰ ਉਹਨਾਂ ਭਰੋਸਾ ਦਿੱਤਾ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਫੜ ਕੇ ਚੋਰੀ ਦੀ ਵਾਰਦਾਤ ਨੂੰ ਟਰੇਸ ਕੀਤਾ ਜਾਵੇਗਾ।
