ਚੰਡੀਗੜ੍ਹ 4 ਅਕਤੂਬਰ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਬੀਤੀ ਦਿਨੀਂ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਾਲ ਹੋਰਨਾਂ ਮੁਲਕਾਂ ਦੇ ਕਵੀ ਅਤੇ ਕਵਿਤਰੀਆਂ ਨੇ ਵਧ ਚੜ੍ਹਕੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਸਰਪ੍ਰਸਤ ਬਿੰਦਰ ਕੋਲੀਆਂ ਵਾਲ ਨੇ ਆਪਣੇ ਇੱਕ ਸ਼ੇਅਰ
“ਜੀ ਆਇਆਂ ਨੂੰ ਹਾਂ ਆਖਦਾ, ਹੋਇਆ ਰੱਬੀ ਰੂਹਾਂ ਦੇ ਨਾਲ ਮੇਲ!
ਸੁਰ ਤਾਲ ਤੇ ਕਲਮ ਦਾ ਹੋਇਆ, ਕਾਫ਼ਲੇ ਵਿੱਚ ਵੱਖਰਾ ਸੁਮੇਲ!
ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਨਾ ਹੀ ਕੋਈ ਊਚ ਨੀਚਤਾ,
ਐਨੀ ਦੂਰ ਬੈਠੇ ਫਿਰ ਵੀ ਮਿਲ ਗਏ, ਸਭ ਹੈ ਮੁਕੱਦਰਾਂ ਦਾ ਖੇਲ”
ਨਾਲ ਕਰਦਿਆਂ ਮੰਚ ਦੀ ਜ਼ਿੰਮੇਵਾਰੀ ਮੋਤੀ ਸ਼ਾਇਰ ਪੰਜਾਬੀ (ਮੋਹਨ ਸਿੰਘ ਮੋਤੀ) ਜੀ ਨੂੰ ਸੌਂਪੀ । ਉਹਨਾਂ ਨੇ ਸਭ ਤੋਂ ਪਹਿਲਾ ਸੱਦਾ ਗ਼ਜ਼ਲਗੋ ਅਤਵਾਰ ਸਿੰਘ ਮਾਨ ਜੀ ਨੂੰ ਦਿੱਤਾ। ਉਹਨਾਂ ਨੇ ਬਹੁਤ ਹੀ ਖੂਬਸੁਰਤ ਅੰਦਾਜ਼ ਵਿੱਚ ਆਪਣੀ ਗ਼ਜ਼ਲ “ਆਪਣੀ ਜੇ ਉੱਲਝਣ ਵਿੱਚ ਪਿਆ ਹੈਂ ਤਾਂ, ਸਮੇਂ ‘ਤੇ ਫ਼ੈਸਲਾ ਛੱਡ ਦੇ ” ਨਾਲ ਹਾਜ਼ਰੀ ਲਵਾਈ ਅਤੇ ਬਾਕੀ ਕਵੀਆਂ ਵੱਲੋਂ ਵਾਹ-ਵਾਹ ਖੱਟੀ। ਅਗਲੇ ਸੱਦੇ ਉੱਪਰ ਰਾਜਸਥਾਨ ਤੋਂ ਅਨੋਖ ਸਿੰਘ ਸਿੱਧੂ ਨੇ ਮਾਂ ਬੋਲੀ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਏ “ਮਾਂ ਬੋਲੀ ਰੁਲਦੀ ਫਿਰਦੀ ਹੈ, ਆਪਣੇ ਆਦਰ ਤੇ ਸਤਿਕਾਰ ਲਈ” ਨਾਲ ਆਪਣੀ ਹਾਜ਼ਰੀ ਭਰੀ। ਕਵੀ ਪਰਵਿੰਦਰ ਸਿੰਘ ਹੇਅਰ ਨੇ ਸੰਗੀਤ ਸਮਰਾਟ ਸ਼੍ਰੀ ਚਰਨਜੀਤ ਅਹੂਜਾ ਨੂੰ ਆਪਣੀ ਕਲਮ ਦੇ ਬੋਲਾਂ “ਜੱਗ ਚੱਲੋ ਚਲੀ ਦਾ ਕਾਫ਼ਲਾ” ਨਾਲ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਮੰਚ ਉੱਪਰ ਮੌਜੂਦ ਕਵੀਆਂ ਨੇ ਵੀ ਉਹਨਾਂ ਨੂੰ ਚੇਤੇ ਕੀਤਾ ਅਤੇ ਉਨ੍ਹਾਂ ਦੀ ਬੇਵਕਤ ਮੌਤ ਨਾਲ਼ ਸੰਗੀਤ ਜਗਤ ਵਿੱਚ ਇੱਕ ਵੱਡਾ ਖਲਾਅ ਪੈਦਾ ਹੋਣ ਦੀ ਗੱਲ ਕੀਤੀ । ਮਹੌਲ ਨੂੰ ਤਬਦੀਲ ਕਰਨ ਲਈ ਜਸਵਿੰਦਰ ਕੌਰ ਮਿੰਟੂ ਨੇ ਆਪਣੇ ਸੁਭਾਅ ਮੁਤਾਬਿਕ ਗੱਲ ਹਾਸੇ ਵਿੱਚ ਪਾਉਂਦਿਆਂ ਅਗਲੇ ਸੱਦੇ ਉੱਪਰ “ਆਹ ਬਹਿ ਸਾਡੇ ਕੋਲ ਵੇ ਸੱਜਣਾ,ਦਿਲ ਦੀ ਗੱਠੜੀ ਖੋਲ੍ਹ ਵੇ ਸੱਜਣਾ” ਨਾਲ ਬਹੁਤ ਖੂਬਸੂਰਤ ਹਾਜ਼ਰੀ ਲਵਾਈ। ਮੋਤੀ ਸ਼ਾਇਰ ਪੰਜਾਬੀ ਵੱਲੋਂ ਅਗਲਾ ਸੱਦਾ ਬਿੰਦਰ ਕੋਲੀਆਂ ਵਾਲ ਨੂੰ ਦਿੱਤਾ ਗਿਆ। ਉਹਨਾਂ ਨੇ ਮਾਹੀ ਨਾਲ ਨੋਕ-ਝੋਕ ਦੀ ਗੱਲ ਕਰਦਿਆਂ “ਐਵੇਂ ਮਾਰ ਨਾ ਬਹੁਤੇ ਝੱਲ ਵੇ ਸੱਜਣਾ,ਆਹ ਬਹਿ ਕੱਢੀਏ ਕੋਈ ਹੱਲ ਵੇ ਸੱਜਣਾ ” ਨਾਲ ਕਵੀ ਦਰਬਾਰ ਨੂੰ ਅੱਗੇ ਤੋਰਿਆ। ਕਵੀ ਦਰਬਾਰ ਨੂੰ ਸਿਖ਼ਰ ਵੱਲ ਲਿਜਾਂਦਿਆਂ “ਥੋੜ੍ਹਾ ਬੂਰ ਤਾਂ ਕਲੂਮਾਂ ‘ ਤੇ ਰਹਿਣ ਦੇ” ਨਾਲ ਆਪਣੀ ਹਾਜ਼ਰੀ ਭਰਦਿਆਂ ਮੰਗਤ ਖਾਨ ਨੇ ਸਭਨਾਂ ਦੇ ਦਿਲਾਂ ਨੂੰ ਟੁੰਭ ਲਿਆ। ਆਪਣੀ ਸੁਰੀਲੀ ਆਵਾਜ਼ ਵਿੱਚ ਪੰਜਾਬ ਦਾ ਦਰਦ ਬਿਆਨ ਕਰਦਿਆਂ “ਆਪਣੇ ਹਲਾਤ ਹੈ ਪੰਜਾਬ ਦੱਸਦਾ” ਨਾਲ ਬਾਜਵਾ ਸਿੰਘ ਨੇ ਸਭ ਨੂੰ ਸੋਚੀਂ ਪਾ ਦਿੱਤਾ । ਪੰਜਾਬ ਦੇ ਦਰਦ ਨੂੰ ਮਹਿਸੂਸ ਕਰਦਿਆਂ ਜਦੋਂ ਗੱਲ ਅੱਗੇ ਤੁਰੀ ਤਾਂ “ ਉੱਠੋ ਜਾਗੋ ਪੰਜਾਬ ਮੇਰੇ ਦੇ ਲੋਕੋ ਪੰਜਾਬ ਨੂੰ ਬਚਾ ਲਵੋ ” ਨਾਲ ਸਰਬਜੀਤ ਸਿੰਘ ਜਰਮਨੀ ਨੇ ਦਰਦ ਨੂੰ ਹੋਰ ਗਹਿਰਾ ਕਰ ਦਿੱਤਾ। ਆਪਣੀ ਕਲਮ ਰਾਹੀਂ ਕਲਯੁੱਗ ਵਿੱਚ ਪ੍ਰਮਾਤਮਾ ਦੀ ਗੱਲ ਕਰਦਿਆਂ “ਪਾਪ ਦੇਖ ਧਰਤੀ ‘ ਤੇ ਰੱਬ ਵੀ ਰੋਈ ਜਾਂਦਾ ਏ” ਨਾਲ ਲਾਡੀ ਝੋਕ ਵਾਲਾ ਨੇ ਕਰਾਰੀ ਚੋਟ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਉੱਪਰ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ “ਆਓ-ਆਓ ਭੈਣੇ ਰਲ਼ ਗਾਓ ਨੀ ਘੋੜੀਆਂ, ਜੰਞ ਤੇ ਹੋਈ ਤਿਆਰ ਹਾ ” ਨਾਲ਼ ਸੋਹਣ ਸਿੰਘ ਸੁਨੀਲਾ ਨੇ ਆਪਣੀ ਪ੍ਰਭਾਵਸ਼ਾਲੀ ਹਾਜ਼ਰੀ ਲਵਾਈ। ਟਰੱਕ ਵੀਰਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਦੇ ਹੋਏ ਗੁਰਮੀਤ ਸਿੰਘ ਮੱਲ੍ਹੀ ਨੇ “ਕੀਤੀ ਮਿਹਨਤ ਰੰਗ ਲਿਆਉਂਦੀ ਏ,ਤਾਂਹੀਂਓਂ ਡਾਲਰਾਂ ਦਾ ਮੀਂਹ ਵਰਦਾ ਏ” ਨਾਲ ਉਹਨਾਂ ਦੀ ਸਖ਼ਤ ਮਿਹਨਤ ਦੀ ਗੱਲ ਕੀਤੀ। ਔਰਤ ਦੀ ਗੱਲ ਕਰਦਿਆਂ “ਕੀ ਹੋਇਆ ਜੇ ਧੀ ਜੰਮ ਪਈ ਕੁੱਖ ਤਾਂ ਸਲੱਖਣੀ ਹੋਈ” ਨਾਲ ਸਰਦੂਲ ਸਿੰਘ ਭੱਲਾ ਨੇ ਔਲਾਦ ਦੀ ਅਹਿਮੀਅਤ ਦੀ ਗੱਲ ਕੀਤੀ। ਲਹਿੰਦੇ ਪੰਜਾਬ ਤੋਂ ਸ਼ਾਮਲ ਹੋਏ ਕਵੀ ਅਮਾਨਤ ਅਲੀ ਨੇ ਬੁਹਤ ਹੀ ਖੂਬਸੂਰਤ ਅੰਦਾਜ਼ ਵਿੱਚ “ਬਾਪ ਜਿਹਾ ਨਾ ਡਿੱਠਾ ਫੁੱਲ ਜੱਗ ਉੱਤੇ” ਨਾਲ਼ ਬਾਪੂ ਦੀ ਸਿਫ਼ਤ ਬਿਆਨ ਕੀਤੀ। ਜੋੜੀ ਦੇ ਰੂਪ ਵਿੱਚ ਕਵੀਸ਼ਰੀ ਦਾ ਰੰਗ ਪੇਸ਼ ਕਰਦਿਆਂ “ਕਵੀਆਂ ਦੀ ਵੰਦਨਾ ਹੈ ਜੀ ਤ੍ਰਿਪਤਾ ਦੇ ਲਾਲ ਨੂੰ” ਵਿੱਚ ਜਸਵਿੰਦਰ ਸਿੰਘ ਢਿੱਲੋਂ ਅਤੇ ਬਲਬੀਰ ਸਿੰਘ ਬੇਲੀ ਨੇ ਵੱਖਰਾ ਹੀ ਰੰਗ ਬੰਨ੍ਹਿਆ। ਮੋਤੀ ਸ਼ਾਇਰ ਪੰਜਾਬੀ ਨੇ ਹਰਮਨਜੀਤ ਦੀ ਰਚਨਾ “ਨੀਂਦ ਵੇ ਅਸਾਡੜੀ ਦੇ ਨੈਣਾਂ ਵਿੱਚ ਤਾਰਿਆ, ਤੂੰ ਪਾ ਜਾ ਇੱਕ ਸੁਪਨ ਸਲਾਈ ਵੇ ”ਤਰੰਨੁਮ ਵਿੱਚ ਪੇਸ਼ ਕਰਕੇ ਆਪਣੀ ਦਮਦਾਰ ਹਾਜ਼ਰੀ ਲਵਾਈ। ਪ੍ਰੋਗਰਾਮ ਦੇ ਅੰਤਿਮ ਪੜਾਅ ਵਿੱਚ ਕਵੀਸ਼ਰੀ ਦੇ ਰੂਪ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ “ਭਗਤ ਸਿੰਘ ਨੂੰ ਜਨਮ ਦੀਆਂ ਹੋਣ ਵਧਾਈਆਂ ” ਨਾਲ ਬਲਬੀਰ ਸਿੰਘ ਬੇਲੀ ਅਤੇ ਜਸਵਿੰਦਰ ਸਿੰਘ ਢਿੱਲੋਂ ਨੇ ਰੌਣਕਾਂ ਲਾ ਦਿੱਤੀਆਂ। ਕਵੀ ਦਰਬਾਰ ਵਿੱਚ ਸ਼ਾਮਲ ਕਵੀਆਂ,ਕਵਿਤਰੀਆਂ ਦਾ ਧੰਨਵਾਦ ਗੁਰਮੀਤ ਸਿੰਘ ਮੱਲ੍ਹੀ ਵੱਲੋਂ ਕੀਤਾ ਗਿਆ। ਲਾਈਵ ਚੱਲਦੇ ਕਵੀ ਦਰਬਾਰ ਵਿੱਚ ਸਰੋਤਿਆਂ ਵੱਲੋਂ ਵੀ ਆਪਣੀਆਂ ਖੂਬਸੂਰਤ ਟਿੱਪਣੀਆਂ ਰਾਹੀਂ ਕਵੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।