ਵੱਖ ਵੱਖ ਰਾਜਾਂ ਦੀਆਂ ਸੂਬਾ ਅਤੇ ਜ਼ਿਲ੍ਹਾ ਇਕਾਈ ਨੇ ਕੀਤੀ ਸ਼ਮੂਲੀਅਤ : ਸ਼ਿਆਮਵੀਰ
ਵੱਖ-ਵੱਖ ਖੇਤਰਾਂ ’ਚ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਕੋਟਕਪੂਰਾ, 4 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਖਿਲ ਭਾਰਤੀ ਸ਼ਾਕਿਆ ਮਹਾਂਸਭਾ ਦੀ ਰਾਸ਼ਟਰੀ ਕਾਰਜਕਾਰਨੀ ਵੱਲੋਂ ਨਵੀਂ ਦਿੱਲੀ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਰਾਜਾਂ ਦੀਆਂ ਸੂਬਾ ਇਕਾਈਆਂ ਅਤੇ ਜ਼ਿਲ੍ਹਾ ਇਕਾਈਆਂ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਾਕਿਆ ਸੰਮਤੀ ਰਜਿ: ਕੋਟਕਪੂਰਾ ਦੇ ਪ੍ਰਧਾਨ ਸ਼ਿਆਮਵੀਰ ਸ਼ਾਕਿਆ ਨੇ ਦੱਸਿਆ ਕਿ ਉਕਤ ਮੀਟਿੰਗ ਵਿੱਚ ਪਿਛਲੇ ਸਾਲ 2024 ਵਿੱਚ ਮਹਾਂਸਭਾ ਦੀ ਆਮਦਨ ਅਤੇ ਖਰਚ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਸਮਾਜ ਲਈ ਕੀਤੇ ਜਾ ਰਹੇ ਚੰਗੇ ਕੰਮਾਂ ਲਈ ਵੱਖ-ਵੱਖ ਇਕਾਈਆਂ ਨੂੰ ਸਨਮਾਨਿਤ ਕੀਤਾ ਗਿਆ, ਇਸ ਦੇ ਨਾਲ ਹੀ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਲ ਇੰਡੀਆ ਸ਼ਾਕਿਆ ਮਹਾਂਸਭਾ ਪੰਜਾਬ ਦੇ ਮੈਂਬਰ ਅਤੇ ਕੋਟਕਪੂਰਾ ਦੇ ਪ੍ਰਧਾਨ ਸ਼ਿਆਮਵੀਰ ਸ਼ਾਕਿਆ ਨੇ ਰਾਸ਼ਟਰੀ ਕਾਰਜਕਾਰਨੀ ਤੋਂ ਮਿਲੇ ਸਨਮਾਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਸ਼ਾਕਿਆ ਮੋਰਿਆ ਕੁਸ਼ਵਾਹਾ ਸੈਣੀ ਸਮਾਜ ਦੇ ਹਰ ਨਾਗਰਿਕ ਦਾ ਸੰਗਠਨ ਵਿੱਚ ਸ਼ਾਮਲ ਹੋਣ ਲਈ ਸਵਾਗਤ ਹੈ, ਕਿਉਂਕਿ ਸਮਾਜ ਦੀ ਹਰ ਸਮੱਸਿਆ ਦਾ ਹੱਲ ਸੰਗਠਨ ਵਿੱਚ ਹੁੰਦਾ ਹੈ। ਜਦੋਂ ਪਰਿਵਾਰ ਅਤੇ ਸਮਾਜ ਸੰਗਠਿਤ ਹੁੰਦੇ ਹਨ ਤਾਂ ਉੱਥੇ ਸਮਾਜ ਦੀ ਤਰੱਕੀ ਦੇ ਰਸਤੇ ਆਪਣੇ-ਆਪ ਬਣ ਜਾਂਦੇ ਹਨ, ਇਸ ਲਈ ਸਾਰਿਆਂ ਨੂੰ ਸੰਗਠਨ ਵਿੱਚ ਰਹਿ ਕੇ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ।

