ਰੋਪੜ, 23 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ.ਸ. (ਕੰਨਿਆ) ਰੋਪੜ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਯੋਗ ਅਗਵਾਈ ਵਿੱਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ 15 ਤੋਂ 21 ਦਸੰਬਰ ਤੱਕ ਲਗਾਇਆ ਗਿਆ। ਪੰਜਾਬੀ ਲੈਕਚਰਾਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਪਹਿਲੇ ਦਿਨ ਦਵਿੰਦਰ ਸਿੰਘ ਪੂਨੀਆ, ਮੈਨੇਜਰ ਪੈਸਕੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਾਈ ਭਾਗੋ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੋਗਰਾਮ ਅਫਸਰ ਰਜਿੰਦਰ ਕੌਰ ਵੱਲੋਂ ਜ਼ਿੰਦਗੀ ਦੇ ਅਸਲ ਤਜਰਬਿਆਂ ਰਾਹੀਂ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਗਿਆ। ਚੌਥੇ ਦਿਨ ਸ. ਸੁਖਦੇਵ ਸਿੰਘ, ਏ.ਐੱਸ.ਆਈ. ਨੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ। ਕੈਂਪ ਵਲੰਟੀਅਰਾਂ ਨੇ ਸਕੂਲ ਕੈਂਪਸ ਅਤੇ ‘ਸ਼ਹੀਦੀ ਜੋੜ ਸਾਕੇ’ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੀ ਸਫ਼ਾਈ ਕੀਤੀ। ਆਖਰੀ ਦਿਨ ਇਸਤਰੀ ਰੋਗਾਂ ਦੇ ਮਾਹਿਰ ਡਾ. ਮਨਪ੍ਰੀਤ ਕੌਰ ਨੇ ਪੋਸ਼ਟਿਕ ਭੋਜਨ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਪ੍ਰਿੰਸੀਪਲ ਵੱਲੋਂ ਆਏ ਮਹਿਮਾਨਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਅਤੇ ਵਿਦਿਆਰਥਣਾਂ ਵੱਲੋਂ ਕੀਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
