ਫਗਵਾੜਾ 3 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਪੰਜਾਬੀ ਇਕਾਈ ਯੂਨਿਟ ਵੱਲੋਂ ਮਿਤੀ 2 ਮਾਰਚ ਦਿਨ ਐਤਵਾਰ ਨੂੰ ਸ਼ਾਮ 5 ਵਜੇ “ਮਹਿਕਦੀ ਸ਼ਾਮ” ਆਨਲਾਈਨ ਲਾਈਵ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੀ ਮੇਜ਼ਬਾਨੀ ਲੇਖਕ ਮਹਿੰਦਰ ਸੂਦ ਵਿਰਕ ਜੀ ਨੇ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਮੀਤ ਗੁਰਮੀਤ ਜੀ ਨੂੰ ਸਰੋਤਿਆਂ ਦੇ ਰੂ- ਬ -ਰੂ ਕਰਵਾਇਆ। “ਮਹਿਕਦੀ ਸ਼ਾਮ” ਪ੍ਰੋਗਰਾਮ ਨੂੰ ਸੂਦ ਵਿਰਕ ਜੀ ਨੇ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕੀਤਾ ਅਤੇ ਪੰਜਾਬੀ ਗਾਇਕ ਮੀਤ ਗੁਰਮੀਤ ਜੀ ਨੇ ਆਪਣੀ ਬੁਲੰਦ ਅਤੇ ਦਮਦਾਰ ਆਵਾਜ਼ ਦੇ ਨਾਲ ਸਰੋਤਿਆਂ ਦੇ ਮਨਾਂ ਨੂੰ ਮੋਹ ਲਿਆ। ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਦੇ ਸੰਸਥਾਪਕ ਮਾਨ ਸਿੰਘ ਸੁਥਾਰ ਅਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਅਤੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਹੀਨੇ ਦੇ ਦੋ ਵਾਰੀ ਕਰਵਾਇਆ ਜਾਂਦਾ ਹੈ ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਾਹਿਤਕਾਰਾਂ, ਸ਼ਾਇਰਾਂ, ਗਾਇਕਾਂ ਅਤੇ ਲੇਖਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਸੰਸਥਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ।

