ਕੋਟਕਪੂਰਾ, 16 ਸਤੰਬਰ (ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਵੱਲੋਂ 50 ਹਜ਼ਾਰ ਰੁਪਏ ਦੀ ਰਕਮ ਮੁੱਖ ਮੰਤਰੀ ਰਾਹਤ ਫੰਡ ਲਈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੂੰ ਸੋਂਪੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜਾਂ ਨਾਲ ਕਈ ਜਿਲਿ੍ਹਆਂ ਵਿੱਚ ਬਹੁਤ ਹੀ ਮਾੜੇ ਹਾਲਾਤ ਬਣ ਗਏ ਸਨ, ਜਿਸ ਦੇ ਚਲਦਿਆਂ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਘਰਾ ਨੂੰ ਨੁਕਸਾਨ ਪੁੱਜਿਆ ਹੈ ਉਥੇ ਹੀ ਫਸਲਾਂ ਤੇ ਪਸ਼ੂ ਧਨ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਇਸ ਸਮਾਜ-ਸੇਵਾ ਅਤੇ ਮਨੁੱਖਤਾ-ਪ੍ਰੇਰਿਤ ਉਪਰਾਲੇ ਲਈ ਸ. ਢਿੱਲਵਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਦੇ ਸਮੇਂ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਦਿੱਤਾ ਗਿਆ ਯੋਗਦਾਨ ਬੇਹੱਦ ਕੀਮਤੀ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰਕਮ ਰਾਹੀਂ ਸਰਕਾਰ ਨੂੰ ਹੜ੍ਹ ਪੀੜਤ ਪਰਿਵਾਰਾਂ ਤੱਕ ਜ਼ਰੂਰੀ ਸਹਾਇਤਾ, ਖਾਦ-ਸਪਲਾਈ, ਕੱਪੜੇ, ਦਵਾਈਆਂ ਅਤੇ ਅਸਥਾਈ ਰਿਹਾਇਸ਼ ਮੁਹੱਈਆ ਕਰਵਾਉਣ ਆਦਿ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਸਾਰੀਆਂ ਸਮਾਜਿਕ ਸੰਸਥਾਵਾਂ, ਉਦਯੋਗਪਤੀਆਂ ਅਤੇ ਵਪਾਰੀ ਵਰਗ ਨੂੰ ਵੀ ਅਪੀਲ ਕੀਤੀ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਅੱਗੇ ਆ ਕੇ ਲੋਕਾਂ ਦੀ ਮੱਦਦ ਕਰਨ।