ਕੋਟਕਪੂਰਾ, 26 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬੀ ਦੇ ਉੱਘੇ ਸ਼ਾਇਰ, ਆਲੋਚਕ ਅਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਦਾ ਰੂ-ਬ-ਰੂ ਪ੍ਰੋਗਰਾਮ 28 ਦਸੰਬਰ ਦਿਨ ਸ਼ਨੀਵਾਰ ਨੂੰ ਚੰਡੀਗੜ੍ਹ ਦੀ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:30 ਵਜੇ ਦੇ ਸਮੇਂ ਦੌਰਾਨ ਰੱਖਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਕਾਰਜਕਾਰੀ ਪ੍ਰਧਾਨ ਮੈਡਮ ਪਰਮਜੀਤ ਪਰਮ ਅਤੇ ਲਾਇਬ੍ਰੇਰੀਅਨ ਡਾ. ਨੀਜ਼ਾ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਦੀ ਰਹਿਨੁਮਾਈ ਹੇਠ ਸਮੂਹ ਮੈਂਬਰਾਨ ਦੁਆਰਾ ਡਾ. ਸੈਫ਼ੀ ਦੀ ਸ਼ਾਇਰੀ ਦੀਆਂ ਚਰਚਿਤ ਲਿਖਤਾਂ ਉੱਪਰ ਵਿਚਾਰ ਵਟਾਂਦਰਾ ਕਰਕੇ ਉਲੀਕਿਆ ਲਿਆ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਉਹਨਾਂ ਦੀ ਨਵੀਂ ਚਰਚਿਤ ਪੁਸਤਕ ‘ਮੁਹੱਬਤ ਨੇ ਕਿਹਾ’ ਵਿੱਚੋਂ ਸ਼ਾਇਰੀ ਦੇ ਵੱਖ-ਵੱਖ ਰੰਗ ਸਭਾ ਦੇ ਹੀ ਕੁਝ ਮੈਂਬਰਾਂ ਦੁਆਰਾ ਤਰੰਨੁਮ ਵਿੱਚ ਪੇਸ਼ ਕੀਤੇ ਜਾਣਗੇ। ਇਸ ਉਪਰੰਤ ਡਾ. ਸੈਫ਼ੀ ਦੀ ਜੀਵਨ-ਯਾਤਰਾ, ਸ਼ਾਇਰੀ, ਆਲੋਚਨਾ ਅਤੇ ਚਿੰਤਨ ਨਾਲ ਸਬੰਧਿਤ ਸਵਾਲਾਂ ਜਵਾਬਾਂ ਦੀ ਲੜੀ ਚਲਾਈ ਜਾਵੇਗੀ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪੰਜਾਬੀ ਦੇ ਉੱਘੇ ਆਲੋਚਕ ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਬੋਹਾ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵੱਡਾ ਨਾਮ ਦੀਪਕ ਸ਼ਰਮਾ ਚਨਾਰਥਲ ਅਤੇ ਸ਼੍ਰੀਮਤੀ ਨੀਲਮ ਬਾਂਸਲ ਦੁਆਰ ਸੈਫ਼ੀ ਦੀ ਸ਼ਾਇਰੀ ਬਾਰੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਪ੍ਰੋਗਰਾਮ ਦਾ ਆਰੰਭ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਕੀਤਾ ਜਾਵੇਗਾ।