
ਚੰਡੀਗੜ੍ਹ 26 ਅਕਤੂਬਰ (ਦਵਿੰਦਰ ਕੌਰ ਢਿੱਲੋਂ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਮਹੀਨੇਵਾਰ ਸਾਹਿਤਕ ਸਮਾਗਮ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਕਰਵਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਕਰਨਲ ਟੀ.ਬੀ.ਐੱਸ. ਬੇਦੀ ਜੀ (ਸਾਬਕਾ ਪ੍ਰਧਾਨ, ਰੋਟਰੀ ਕਲੱਬ) ਸ਼੍ਰੀ ਸੁਭਾਸ਼ ਭਾਸਕਰ ਜੀ(ਸਕੱਤਰ,ਚੰਡੀਗੜ੍ਹ ਸਾਹਿਤ ਅਕਾਦਮੀ) ਗੁਰਦਰਸ਼ਨ ਸਿੰਘ ਮਾਵੀ ਜੀ (ਪ੍ਰਧਾਨ,ਸਾਹਿਤ ਵਿਗਿਆਨ ਕੇਂਦਰ) ਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਹੋਏ ।ਸਭ ਤੋਂ ਪਹਿਲਾਂ ਸਾਡੇ ਕੋਲੋਂ ਸਦਾ ਲਈ ਵਿਛੜ ਗਈਆਂ ਸ਼ਖਸ਼ੀਅਤਾਂ ਸ. ਕਰਮਜੀਤ ਸਿੰਘ ਬੱਗਾ ਜੀ(ਅੰਤਰਰਾਸ਼ਟਰੀ ਅਲਗੋਜ਼ਾ ਵਾਦਕ),ਪ੍ਰਸਿੱਧ ਗਾਇਕ ਰਾਜਵੀਰ ਜਵੰਦਾ, ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਜੀ ਦੀ ਪਤਨੀ ਸ਼੍ਰੀਮਤੀ ਗੁਰਨਾਮ ਕੌਰ ਅਤੇ ਪ੍ਰਸਿੱਧ ਖਿਡਾਰੀ ਵਰਿੰਦਰ ਘੁੰਮਣ ਨੂੰ ਦੋ ਮਿੰਟ ਦਾ
ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਮਾਗਮ ਵਿੱਚ ਸ਼ਾਮਿਲ ਹੋਏ ਸਾਰੇ ਸਾਹਿਤਕਾਰਾਂ ਅਤੇ ਕਵੀਆਂ ਨੂੰ ਜੀ ਆਇਆਂ ਕਿਹਾ ਤੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ।
ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ਮੁੱਖ ਮਹਿਮਾਨ ਸ਼੍ਰੀ ਸੁਭਾਸ਼ ਭਾਸਕਰ ਜੀ ਦੇ ਸਾਹਿਤਕ ਸਫ਼ਰ ,ਸਮਾਜ ਸੇਵਾ ਤੇ ਮਾਣ ਸਨਮਾਨ ਸਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਤੇ ਬਹੁਤ ਹੀ ਖੂਬਸੂਰਤ ਸ਼ੇਅਰ ਸਰੋਤਿਆਂ ਦੀ ਨਜ਼ਰ ਕੀਤੇ । ਇਸ ਤੋਂ ਬਾਅਦ ਮਹਿੰਦਰ ਸਿੰਘ ਗੋਸਲ ਦੇ ਗੀਤ’ਮੈਂ ਤੇਰੇ ਦਰ ਦਾ ਫਕੀਰ’ ਗੀਤ ਨਾਲ ਕਵੀ ਦਰਬਾਰ ਦਾ ਆਗਾਜ਼ ਹੋਇਆ। ਗੁਰਦਾਸ ਸਿੰਘ ਦਾਸ ਤੇ ਰੇਖਾ ਮਿੱਤਲ ਨੇ ਮਾਂ ਬਾਰੇ ਬਹੁਤ ਹੀ ਖੂਬਸੂਰਤ ਰਚਨਾਂਵਾਂ ਪੇਸ਼ ਕੀਤੀਆਂ । ਬਾਬੂ ਰਾਮ ਦੀਵਾਨਾ,ਅਮਰਜੀਤ ਸਿੰਘ ਅਰਪਨ,ਸੁਰਿੰਦਰ ਕੁਮਾਰ ਤੇ ਚਰਨਜੀਤ ਕਲੇਰ ਨੇ ਧੀਆਂ ਬਾਰੇ ਬਹੁਤ ਭਾਵਪੂਰਕ ਕਵਿਤਾਂਵਾਂ ਸੁਣਾ ਕੇ ਵਾਹ ਵਾਹ ਖੱਟੀ। ਮਲਕੀਤ ਨਾਗਰਾ ਨੇ ਬਾਬੂ ਰਜ਼ਬ ਅਲੀ ਦੀ ਰਚਨਾ,ਬਲਵਿੰਦਰ ਢਿੱਲੋਂ ਨੇ ਨੰਦ ਲਾਲ ਨੂਰ ਪੁਰੀ ,ਹਰਜੀਤ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਸਰੋਤਿਆਂ ਦੇ ਸਨਮੁੱਖ ਕੀਤੀ ।ਦਰਸ਼ਨ ਤਿਉਣਾ, ਲਾਭ ਸਿੰਘ ਲਹਿਲੀ ਗੁਰਮੀਤ ਸਿੰਘ ਸਿੰਗਲ ਅਤੇ ਜਗਤਾਰ ਜੋਗ ਨੇ ਬੁਲੰਦ ਅਵਾਜ਼ ਵਿੱਚ ਆਪਣੀਆਂ ਰਚਨਾਵਾਂ ਸਾਂਝੀਆਂ ਕਰ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ।ਬਲਜੀਤ ਕੌਰ ਢਿੱਲੋਂ,ਅੰਸ਼ੁਕਰ ਮਹੇਸ਼,ਪਾਲ ਅਜਨਬੀ,ਡਾ. ਅਵਤਾਰ ਸਿੰਘ ਪਤੰਗ ਤੇ ਸਾਗਰ ਭੂਰੀਆ ਨੇ ਬਹੁਤ ਹੀ ਪ੍ਰੇਰਣਾਦਾਇਕ ਰਚਨਾਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ। ਭਰਪੂਰ ਸਿੰਘ ਨੇ ਹਰ ਵਰਗ ਦੇ ਲੋਕਾਂ ਦੀ ਦੀਵਾਲੀ ਦੇ ਵੱਖ ਵੱਖ ਰੰਗ ਪੇਸ਼ ਕੀਤੇ। ਰਤਨ ਬਾਬਕ ਵਾਲਾ ਨੇ ਨਿਵੇਕਲੀ ਕਿਸਮ ਦਾ ਗੀਤ ਸੁਣਾ ਕੇ ਸਭ ਨੂੰ ਖੁਸ਼ ਕਰ ਦਿੱਤਾ।
ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸ਼ੁਭਾਸ਼ ਭਾਸਕਰ ਜੀ ਨੇ ਕਿਹਾ ਕਿ ਸਾਨੂੰ ਹਰ ਇੱਕ ਭਾਸ਼ਾ ਸਿਖਣੀ ਚਾਹੀਦੀ ਹੈ ਪਰ ਆਪਣੀ ਮਾਂ ਬੋਲੀ ਭੁੱਲਣੀ ਨਹੀਂ ਚਾਹੀਦੀ । ਉਹਨਾਂ ਕਿਹਾ ਕਿ ਇਸ ਸਾਹਿਤਕ ਸਮਾਗਮ ਵਿੱਚ ਸਾਰਿਆਂ ਨੇ ਹੀ ਬਾਕਮਾਲ ਰਚਨਾਵਾਂ ਪੇਸ਼ ਕੀਤੀਆਂ ਤੇ ਨਾਲ ਹੀ ਆਪਣੀ ਖੂਬਸੂਰਤ ਰਚਨਾ ,
“ਮੈਂ ਔਰਤ ਹਾਂ, ਧਰਤੀ ਵਾਂਗ
ਮੇਰਾ ਕੋਈ ਨਾਮ ਨਹੀਂ ,ਕੋਈ ਧਰਮ ਨਹੀਂ,
ਨਾ ਰਾਧਾ ,ਨਾ ਸੀਤਾ ,ਨਾ ਚੰਡੀ” ਪੇਸ਼ ਕੀਤੀ। ਅੱਜ ਦੇ ਵਿਸ਼ੇਸ਼ ਮਹਿਮਾਨ ਕਰਨਲ ਟੀ.ਬੀ.ਐੱਸ.ਬੇਦੀ ਜੀ ਨੇ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਦੀ ਹਰ ਤਰਾਂ ਦੀ ਮਦਦ ਕਰਨ ਦਾ ਵਾਦਾ ਕੀਤਾ।
ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਮੰਚ ਸੰਚਾਲਣ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।

