ਫਰੀਦਕੋਟ, 2 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ-ਪੁਰਬ ਨੂੰ ਸਮਰਪਿਤ ਕਰਵਾਏ ਗਏ ਪੰਜ-ਰੋਜ਼ਾ ਸਮਾਗਮਾਂ ਦੀ ਅਪਾਰ ਸਫਲਤਾ ਲਈ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ ਨੇ ਸਥਾਨਕ ਪ੍ਰਸ਼ਾਸਨ, ਸਮੂਹ ਕਮੇਟੀ ਮੈਂਬਰਜ਼, ਲੰਗਰ ਕਮੇਟੀਆਂ, ਬਾਬਾ ਫਰੀਦ ਸੰਸਥਾਵਾਂ ਦਾ ਸਮੂਹ ਸਟਾਫ਼, ਫਰੀਦਕੋਟ ਵਾਸੀਆਂ ਅਤੇ ਬਾਬਾ ਫ਼ਰੀਦ ਜੀ ਦੇ ਸ਼ਰਧਾਲੂਆਂ ਸਮੇਤ ਸਮੂਹ ਸੰਗਤਾਂ ਦਾ ਕੋਟਿ-ਕੋਟਿ ਧੰਨਵਾਦ ਕੀਤਾ ਹੈ। ਉਹਨਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਫਰੀਦ ਜੀ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤਾਂ ਸਦਕਾ ਇਹ ਪੰਜ ਰੋਜ਼ਾ ਆਗਮਨ-ਪੁਰਬ ਬੇਹੱਦ ਸਫਲਤਾਪੂਰਵਕ ਅਤੇ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਉਨਾਂ ਕਿਹਾ ਕਿ 19 ਸਤੰਬਰ ਨੂੰ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਸ਼ੁਰੂ ਹੋਏ ਧਾਰਮਿਕ ਸਮਾਗਮ 23 ਸਤੰਬਰ ਨੂੰ ਨਗਰ-ਕੀਰਤਨ ਦੀ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਪਤੀ ਬਹੁਤ ਹੀ ਸੁਚੱਜੇ ਪ੍ਰਬੰਧਨ ਹੇਠ ਸੰਪੰਨ ਹੋਏ ਹਨ। ਇਨਾਂ ਸਮਾਗਮਾਂ ਦੌਰਾਨ ਸੰਗਤਾਂ ਨੇ ਸੁਖਮਨੀ ਸਾਹਿਬ, ਕੀਰਤਨ, ਕਥਾ-ਵਿਚਾਰਾਂ ਅਤੇ ਅਖੰਡ-ਪਾਠ ਦੌਰਾਨ ਇਲਾਹੀ ਬਾਣੀ ਦਾ ਭਰਪੂਰ ਆਨੰਦ ਮਾਣਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਉਨਾਂ ਨੇ ਇਨਾਂ ਸਮਾਗਮਾਂ ਦੀ ਕਾਮਯਾਬੀ ਲਈ ਬਾਬਾ ਫਰੀਦ ਸੁਸਾਇਟੀ ਦੇ ਮੈਂਬਰਾਂ, ਬਾਬਾ ਫਰੀਦ ਪਬਲਿਕ ਸਕੂਲ ਅਤੇ ਬਾਬਾ ਫਰੀਦ ਲਾਅ ਕਾਲਜ ਦੇ ਸਮੂਹ ਸਟਾਫ ਅਤੇ ਬਾਕੀ ਸਾਰੇ ਸੇਵਾਦਾਰਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਸਾਰੇ ਸੇਵਾਦਾਰਾ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਿੱਤੇ ਹੋਏ ਬਾਬਾ ਫਰੀਦ ਜੀ ਦੇ ਸਲੋਕ ਅਤੇ ਸ਼ਬਦ ਵੀ ਪੜੇ ਗਏ। ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਫਰੀਦਕੋਟ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ ਨਾਲ ਸਮੂਹ ਮੈਂਬਰ ਦੀਪਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਅਤੇ ਐਕਜੀਕਿਊਟਿਵ ਮੈਂਬਰਜ਼ ਚਰਨਜੀਤ ਸਿੰਘ ਸੇਖੋ, ਕੁਲਜੀਤ ਸਿੰਘ ਮੌਗੀਆ, ਗੁਰਜਾਪ ਸਿੰਘ ਸੇਖੋ ਅਤੇ ਨਰਿੰਦਰਪਾਲ ਸਿੰਘ ਬਰਾੜ ਹਾਜ਼ਰ ਸਨ।