ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਨੇ ਪੰਜਵੀਂ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਦੀ ਦੋ ਰੋਜਾ ਸਫ਼ਲ ਵਿਦਿਅਕ ਯਾਤਰਾ ਦਾ ਆਯੋਜਨ ਸਿੱਖਿਆ ਅਤੇ ਅਧਿਆਤਮਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੇ ਸਥਾਨਾਂ ਨਾਲ ਜਾਣੂ ਕਰਵਾਉਣਾ ਸੀ, ਜਿਸ ਨਾਲ ਉਹ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਧਾਰਮਿਕ ਪ੍ਰੰਪਰਾਵਾਂ ਦੀ ਡੂੰਘੀ ਸਮਝ ਪ੍ਰਾਪਤ ਕਰ ਸਕਣ। ਆਨੰਦਪੁਰ ਸਾਹਿਬ ਵਿੱਚ, ਵਿਦਿਆਰਥੀਆਂ ਨੇ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਦੌਰਾ ਕੀਤਾ ਅਤੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਘਟਨਾਵਾਂ ਅਤੇ ਗੁਰਦੁਆਰਿਆਂ ਨੂੰ ਦੇਖਿਆ। ਉਨ੍ਹਾਂ ਨੇ ਖਾਲਸਾ ਪੰਥ ਦੇ ਸਥਾਪਨਾ ਸਥਾਨ ਦਾ ਵੀ ਦੌਰਾ ਕੀਤਾ।ਇਸ ਯਾਤਰਾ ਤੋਂ ਬਾਅਦ, ਵਿਦਿਆਰਥੀਆਂ ਨੇ ਨੈਣਾ ਦੇਵੀ ਮੰਦਰ, ਇੱਕ ਪ੍ਰਸਿੱਧ ਸ਼ਕਤੀ ਪੀਠ ਦਾ ਦੌਰਾ ਕੀਤਾ। ਇਸ ਯਾਤਰਾ ਰਾਹੀਂ, ਵਿਦਿਆਰਥੀਆਂ ਨੇ ਕੁਦਰਤੀ ਸੁੰਦਰਤਾ ਦਾ ਵੀ ਅਨੁਭਵ ਕੀਤਾ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਵਿਰਾਸਤ-ਏ-ਖਾਲਸਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਪੰਜਾਬ ਰਾਜ ਦੀ ਅਮੀਰ ਸੱਭਿਆਚਾਰ ਅਤੇ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਦੀ ਇਸ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ। ਯਾਤਰਾ ਦੇ ਦੌਰਾਨ ਕਿਸੇ ਵੀ ਸਮੇਂ ਵਿਦਿਆਰਥੀਆਂ ਦੀ ਊਰਜਾ ਦੀ ਕਮੀ ਕਿਤੇ ਵੀ ਘੱਟ ਨਜ਼ਰ ਨਹੀਂ ਆ ਰਹੀ ਸੀ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੇ ਯਾਤਰਾ ਦੀ ਸਫਲਤਾ ’ਤੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਯਾਤਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਸੀ। ਵਿਦਿਆਰਥੀਆਂ ਨੇ ਨਾ ਸਿਰਫ਼ ਮਹੱਤਵਪੂਰਨ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ, ਸਗੋਂ ਸਹਿਯੋਗ ਆਤਮਕ ਅਤੇ ਅਨੁਸ਼ਾਸਨ ਦਾ ਵੀ ਅਨੁਭਵ ਕੀਤਾ। ਪ੍ਰਿੰਸੀਪਲ ਨੇ ਕਿਹਾ ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀਆਂ ਦੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ। ਯਾਤਰਾ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ, ਜਿਸ ਨਾਲ ਇੱਕ ਕੀਮਤੀ ਸਿੱਖਣ ਦਾ ਅਨੁਭਵ ਮਿਲਿਆ। ਇਹ ਯਾਤਰਾ ਵਿਦਿਆਰਥੀਆਂ ਲਈ ਇੱਕ ਯਾਦਗਾਰੀ ਅਤੇ ਜਾਣਕਾਰੀ ਭਰਪੂਰ ਅਨੁਭਵ ਸਾਬਤ ਹੋਈ। ਫੇਰੀ ਦੌਰਾਨ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਬਹੁਤ ਦਿਲਚਸਪੀ, ਉਤਸ਼ਾਹ ਦਿਖਾਇਆ।