ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਕੂਲੀ ਬੱਚਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ “ਦੇਹ ਸ਼ਿਵਾ ਬਰੁ ਮੋਹਿ ਇਹੈ” ਸ਼ਬਦ ਗਾਇਨ ਕਰਕੇ ਇਸ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਕੀਤੀ। ਅੱਠਵੀਂ ਜਮਾਤ ਦੀ ਵਿਦਿਆਰਥਣ ਅਵਨੀਤ ਕੌਰ ਨੇ ਆਪਣੇ ਭਾਸ਼ਣ ਵਿੱਚ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ “ਖੇਡਣ ਦੀਆਂ ਉਮਰਾਂ ਸੀ ਵੈਰੀਓ ਤਰਸ ਕਿਓਂ ਨਹੀਂ ਕਰਿਆ” ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਗੌਰਵੀ ਨੇ “ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰੂ ਦੇ ਦੋ ਲਾਲ ਜੀ” ਕਵਿਤਾ ਪੇਸ਼ ਕਰ ਕੇ ਸਿੱਖ ਧਰਮ ਦੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਵਿਦਿਆਰਥੀਆਂ ਦੇ ਸਾਹਮਣੇ ਪ੍ਰਸਤੁਤ ਕੀਤਾ। ਪਿ੍ਰੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਕਿਸੇ ਇੱਕ ਕੌਮ ਲਈ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ, ਅੱਜ ਮਾਤ ਭੂਮੀ, ਦੇਸ਼ ਅਤੇ ਧਰਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਗੁਰੂ ਸਾਹਿਬਾਨ ਅਤੇ ਗੁਰੂ ਮਾਤਾਵਾਂ ਨੂੰ ਸ਼ਰਧਾ, ਸਤਿਕਾਰ ਅਤੇ ਸ਼ੁਕਰਾਨਾ ਅਦਾ ਕਰਨ ਦਾ ਦਿਨ ਹੈ। ਚਾਰੋਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਹਿ ਸਿੰਘ ਅਤੇ ਮਾਤਾ ਗੁਜਰੀ ਨੇ ਸਿੱਖ ਧਰਮ ਦੀ ਆਨ ਤੇ ਸ਼ਾਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਰੇ ਪਤਾ ਨਾ ਹੋਵੇ, ਜਿਨ੍ਹਾਂ ਨੇ ਧਰਮ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਸ਼ਹਾਦਤਾਂ ਦਿੱਤੀਆਂ ਅਤੇ ਦੁਸ਼ਮਣਾਂ ਨੂੰ ਜੰਗ ਵਿੱਚ ਹਰਾਇਆ। ਜਿੱਥੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸਨ, ਉੱਥੇ ਦੋ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਕੰਧਾਂ ਵਿੱਚ ਜਿਉਂਦੇ ਹੀ ਚਿਣਵਾ ਦਿੱਤੇ ਗਏ ਸਨ। ਇਹਨਾਂ ਬੱਚਿਆਂ ਨੇ ਸਿੱਖ ਧਰਮ ਦੀ ਖਾਤਰ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਲਈ ਇੱਕ ਵੱਖਰਾ ਇਤਿਹਾਸ ਰਚਿਆ। ਸਾਨੂੰ ਉਨ੍ਹਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਹਫ਼ਤੇ ਸਿੱਖ ਧਰਮ ਦੇ ਲੋਕ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮਨਾਉਂਦੇ ਹੋਏ ਹੇਠਾਂ ਸੌਂਦੇ ਹਨ ਅਤੇ ਗੁਰਬਾਣੀ ਦਾ ਪਾਠ ਕਰਦੇ ਹਨ। ਬੱਚਿਆਂ ਨੂੰ ਦੱਸਿਆ ਗਿਆ ਕਿ ਸਿੱਖ ਧਰਮ ਲਈ ਕੁਰਬਾਨੀਆਂ ਦੇਣ ਵਾਲੇ ਗੁਰਾਂ ਨੂੰ ਯਾਦ ਕਰਦੇ ਹੋਏ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।

