ਮਹਿੰਗੇ-ਸਸਤੇ ਪਟਾਕੇ ਚਲਾਉਣ ਦੀ ਥਾਂ ਫਲਦਾਰ ਅਤੇ ਛਾਂਦਾਰ ਬੂਟੇ ਲਾ ਕੇ ਉਹਨਾਂ ਦੀ ਦੇਖਭਾਲ ਦਾ ਵੀ ਕਰੀਏ ਪ੍ਰਣ
ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਮਾਣਮੱਤੀ ਸਖਸੀਅਤ ਸਿੱਧੂ ਜੈਂਟਸ ਟੇਲਰਜ਼ ਸ਼ੋਅਰੂਮ ਕੋਟਕਪੂਰਾ ਮਾਲਕ ਅਤੇ ਉੱਘੇ ਸਮਾਜਸੇਵੀ ਜਗਦੀਪ ਸਿੰਘ ਸਿੱਧੂ ਨੇ ਕੋਟਕਪੂਰਾ ਸ਼ਹਿਰ ਸਮੇਤ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ‘ਤੇ ਵਧਾਈ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਅੱਜ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸਾਨੂੰ ਗਰੀਨ ਦਿਵਾਲੀ ਮਨਾਉਣ ਦੀ ਲੋੜ ਹੈ, ਤਾਂ ਜੋ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਨਾਲ ਸਾਡੀਆ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਦਿਵਾਲੀ ਅਤੇ ਬੰਦੀ ਛੋੜ ਦਿਵਸ ਸਾਡੇ ਵੱਡੇ ਪੁਰਬ ਹਨ, ਇਨਾਂ ਖੁਸ਼ੀਆਂ ਭਰੇ ਤਿਉਹਾਰ ਨੂੰ ਹੋਰ ਵਧੀਆ ਅਤੇ ਪ੍ਰਦੂਸ਼ਣ ਰਹਿਤ ਬਣਾਓ ਅਤੇ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖੋ। ਉਹਨਾਂ ਕਿਹਾ ਕਿ ਦੁਸਹਿਰਾ ਹੋਵੇ ਭਾਵੇਂ ਦੀਵਾਲੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਜਗਦੀਪ ਸਿੱਧੂ ਨੇ ਕਿਹਾ ਕਿ ਆਓ ਦੀਵਾਲੀ ਵਾਲੇ ਦਿਨ ਅਸੀਂ ਮਹਿੰਗੇ-ਸਸਤੇ ਪਟਾਕੇ ਚਲਾਉਣ ਦੀ ਥਾਂ ਪਰਿਵਾਰਾਂ ਸਮੇਤ ਯੋਗ ਥਾਵਾਂ ‘ਤੇ ਫਲਦਾਰ ਅਤੇ ਛਾਂਦਾਰ ਬੂਟੇ ਲਾਈਏ ਅਤੇ ਪ੍ਰਣ ਕਰੀਏ ਕਿ ਅਸੀਂ ਸਾਰਾ ਸਾਲ ਇਹਨਾਂ ਦੀ ਦੇਖਭਾਲ ਕਰਕੇ ਸ਼ੁੱਧ ਵਾਤਾਵਰਣਨ ਬਣਾਉਣ ਵਿੱਚ ਆਪਣਾ-ਆਪਣਾ ਵੱਡਮੁੱਲਾ ਯੋਗਦਾਨ ਪਾਵਾਂਗੇ। ਉਹਨਾਂ ਆਖਿਆ ਕਿ ਤੰਦਰੁਸਤ ਜੀਵਨ ਜਿਊਣ ਲਈ ਅਤੇ ਕਮਜੋਰ ਤਬਕੇ ਦੀ ਦੀਵਾਲੀ ਨੂੰ ਵੀ ਖੁਸ਼ੀਆਂ ਭਰਿਆ ਬਣਾਉਣ ਲਈ ਦੇਸ਼ ਵਿਚ ਬਣੇ ਸਮਾਨ ਜਿਵੇਂ ਮਿੱਟੀ ਦੇ ਦੀਵੇ, ਮੋਮਬੱਤੀਆਂ ਜਗਾਓ ਅਤੇ ਹੋਰ ਸਮਾਨ ਜੋ ਲੋਕਲ ਬਣਦਾ ਹੈ, ਖਰੀਦੋ ਤਾਂ ਜੋ ਗਰੀਬ ਵਰਗ ਦੀ ਦੀਵਾਲੀ ਵੀ ਖੁਸ਼ੀਆਂ ਭਰੀ ਹੋਵੇ।

