ਨਸ਼ਾ ਛੱਡਣ ਲਈ ਸਮਾਜ ਅਤੇ ਪਰਿਵਾਰ ਦਾ ਅਹਿਮ ਯੋਗਦਾਨ ਜਰੂਰੀ : ਸਿਵਲ ਸਰਜਨ
ਕੋਟਕਪੂਰਾ, 2 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਸਿਹਤ ਵਿਭਾਗ ਵੱਲੋਂ ਯੂਥ ਅਫੇਅਰ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਨਸ਼ਾਮੁਕਤ ਸਮਾਜ ਦੀ ਸਿਰਜਨਾ ਦੇ ਉਦੇਸ਼ ਨਾਲ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪਹਿਲਕਦਮੀ ਕਰਦਿਆਂ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਦੇ ਤੀਜੇ ਸਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਵਲ ਹਸਪਤਾਲ ਤੋਂ ਲੈ ਕੇ ਘੰਟਾ ਘਰ ਚੌਕ ਅਤੇ ਡੀ.ਸੀ. ਦਫਤਰ ਤੱਕ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ (ਡਾਈਟ) ਦੇ ਲਗਭਗ 100 ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਬੋਰਡ ਲੈ ਕੇ ਰੈਲੀ ਕੱਢੀ ਗਈ। ਇਸ ਰੈਲੀ ਨੂੰ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਅਤੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੁਰਤੇਜ ਸਿੰਘ ਖੋਸਾ ਨੇ ਆਖਿਆ ਕਿ ਨਸ਼ਾ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਸਣ ਤੋਂ ਰੋਕਣ ਦੇ ਉਦੇਸ਼ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਆਖਿਆ ਕਿ ਸਰਕਾਰ ਵੱਲੋਂ ਚਲਾਏ ਜਾਂਦੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾਂਦੇ ਹਨ ਤਾਂ ਕਿ ਉਹ ਵਿਅਕਤੀ ਠੀਕ ਹੋਣ ਤੋਂ ਬਾਅਦ ਆਪਣਾ ਰੋਜਗਾਰ ਸ਼ੁਰੂ ਕਰ ਸਕੇ। ਇਸ ਮੌਕੇ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਲ੍ਹਾ ਸਿਹਤ ਵਿਭਾਗ ਅਤੇ ਯੂਥ ਅਫੇਅਰ ਆਰਗੇਨਾਈਜੇਸ਼ਨ ਵੱਲੋਂ ਵੱਖ-ਵੱਖ ਸਮਾਜਸੇਵੀਆਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਬੋਰਡ ਤਿਆਰ ਕਰਵਾਏ ਗਏ ਹਨ।

