ਟੀਕਾਕਰਨ ਹਫਤੇ ਸਬੰਧੀ ਬੈਨਰ ਕੀਤਾ ਰਲੀਜ
ਫਰੀਦਕੋਟ, 23 ਅਪ੍ਰੈਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ “ਵਿਸ਼ਵ ਟੀਕਾਕਰਨ ਹਫ਼ਤਾ” ਮਨਾਇਆ ਜਾ ਰਿਹਾ ਹੈ। ਇਸਦੇ ਸਬੰਧ ਵਿੱਚ ਅੱਜ ਡਾ. ਮਨਿੰਦਰ ਪਾਲ ਸਿੰਘ ਸਿਵਲ ਸਰਜਨ ਫਰੀਦਕੋਟ ਵੱਲੋਂ ਬੈਨਰ ਰਲੀਜ ਕੀਤਾ ਗਿਆ।ਇਸ ਮੌਕੇ ਉਹਨਾਂ ਨਾਲ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੁਮਾਰ, ਜਿਲ੍ਹਾ ਪਰਿਵਰ ਭਲਾਈ ਅਫਸਰ ਡਾ. ਵਿਵੇਕ ਰਾਜੌਰਾ, ਮੈਡੀਕਲ ਅਫਸਰ ਡਾ. ਮੈਰੀ ਵੀ ਹਾਜਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਗਰਭਵਤੀ ਮਾਵਾਂ ਨੂੰ ਟੈਟਨਸ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਦਾ ਸੰਪੂਰਨ ਟੀਕਾਕਰਨ ਕਰਨਾ ਅਤੀ ਜਰੂਰੀ ਹੁੰਦਾ ਹੈ, ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਮਾਵਾਂ ਤੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ “ਵਿਸ਼ਵ ਟੀਕਾਕਰਨ ਹਫ਼ਤਾ” ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਵਰਿੰਦਰ ਕੁਮਾਰ ਜਿਲ੍ਹਾ ਟੀਕਾਕਰਨ ਅਫਸਰ ਫਰੀਦਕੋਟ ਨੇ ਦੱਸਿਆ ਕਿ ਐਕਸਪੈਂਡਿਡ ਪ੍ਰੋਗਰਾਮ ਆਨ ਇੰਮਨਾਈਜੇਸ਼ਨ ਦੇ 50 ਵਰ੍ਹੇ ਪੂਰੇ ਹੋਣ ਤੇ ਪੂਰੇ ਵਿਸ਼ਵ ਵਿਚ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜਿਲ੍ਹੇ ਭਰ ਵਿੱਚ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ ਤਾਂ ਜ਼ੋ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਸਿਹਤ ਵਿਭਾਗ, ਪੰਜਾਬ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਪੈਂਦੇ ਖ਼ਾਸ ਤੌਰ ਤੇ ਸ਼ਹਿਰੀ ਅਤੇ ਪ੍ਰਵਾਸੀ ਵਸੋਂ ਵਾਲੇ ਹੋਰ ਇਲਾਕੇ ਜਿਵੇਂ ਸਲੱਮ ਏਰੀਆ, ਝੁੱਗੀਆਂ, ਝੋਪੜੀਆਂ, ਭੱਠਿਆਂ, ਪਥੇਰਾ, ਗੁਜਰਾਂ ਦੇ ਡੇਰੇ ਤੇ ਹੋਰ ਅਪਾਹੁੰਚ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਅਤੇ ਜੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਆਊਟ ਰੀਚ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦਾ ਦਿਨ ਛੱਡ ਕੇ ਪੂਰਾ ਹਫਤਾ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਖ਼ਾਸ ਤੌਰ ਤੇ ਸ਼ਹਿਰੀ ਸਲੱਮ ਏਰੀਏ ਵਿੱਚ ਲੈਫਟ ਆਊਟ ਬੱਚਿਆਂ ਵੱਲ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਪੈਰਾਮੈਡੀਕਲ ਸਟਾਫ ਵੱਲੋਂ ਫੀਲਡ ਵਿੱਚ ਹੈਡ ਕਾਂਊਂਟ ਕਰਨ ਲਈ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਵਾਇਆ ਜਾਵੇ।
ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਨੇ ਦੱਸਿਆ ਕਿ ਇਸ ਮੁਹਿੰਮ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਵਿੱਚ ਭਾਸ਼ਨ, ਕੁਈਜ ਮੁਕਾਬਲੇ ਕਰਵਾਏ ਜਾਣਗੇ ਅਤੇ ਆਮ ਲੋਕਾਂ ਵਿੱਚ ਇਸ ਮੁਹਿੰਮ ਸੰਬੰਧੀ ਹੋਰ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ। ਇਸ ਮੌਕੇ ਮੈਡਮ ਅਮਨਦੀਪ ਕੌਰ, ਕੌਸ਼ਲ ਕੁਮਾਰ ਆਦਿ ਵੀ ਹਾਜਰ ਸਨ।