ਵਿਧਾਇਕ ਨੇ ਹਲਕੇ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਕੋਟਕਪੂਰਾ, 24 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਤਮ ਬੁਨਿਆਦੀ ਢਾਂਚਾ ਅਤੇ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਫ਼ਰੀਦਕੋਟ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਕਰਵਾਏ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਵਧੀਆ ਸਿੱਖਿਆ, ਬੁਨਿਆਦੀ ਢਾਂਚੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਾਡਲ ਕਲਾਸ ਰੂਮ, ਪੈਨਲ, ਡਿਜਿਟਲ ਬਲੈਕਬੋਰਡ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ,ਜਿਸ ਦਾ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦੇ ਪੱਧਰ ਵਿਚ ਵੀ ਵੱਡਾ ਸੁਧਾਰ ਹੋਵੇਗਾ। ਉਹਨਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜਨੇਰੀਆਂ ਵਿਖੇ 7.50 ਲੱਖ, ਸਰਕਾਰੀ ਹਾਈ ਸਕੂਲ ਜਨੇਰੀਆਂ ਵਿਖੇ 2.71 ਲੱਖ, ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਸੰਗਰਾਹੂਰ ਵਿਖੇ 37 ਲੱਖ, ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਬੁੱਟਰ 15.21 ਲੱਖ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂਵਾਲਾ ਖੁਰਦ ਵਿਖੇ 6.50 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਅਮਰਜੀਤ ਸਿੰਘ ਪਰਮਾਰ ਹਲਕਾ ਕੁਆਰਡੀਨੇਟਰ ਸਿੱਖਿਆ ਕ੍ਰਾਂਤੀ, ਬੀਪੀਈਓ ਜਗਤਾਰ ਸਿੰਘ, ਚੇਅਰਮੈਨ ਹਰਪ੍ਰੀਤ ਸਿੰਘ, ਸਰਪੰਚ ਗੁਰਜੀਤ ਕੌਰ, ਮਹਿੰਗਾ ਸਿੰਘ, ਬਲਿਹਾਰ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਜਿਲ੍ਹਾ ਕੋਆਰਡੀਨੇਟਰ ਜਸਵਿੰਦਰ ਸਿੰਘ ਬਰਗਾੜੀ, ਇੰਚਾਰਜ ਸ਼ਰਨਦੀਪ ਸਿੰਘ, ਸੰਤੋਸ਼ ਰਾਣੀ, ਕੰਵਲਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਤੇ ਅਧਿਆਪਕ ਵੀ ਹਾਜ਼ਰ ਸਨ।