ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜੀ 2024-25 ਦੌਰਾਨ ਸਬਮਿਸ਼ਨ ਆਨ ਸੀਡ ਐਂਡ ਪਲਾਂਟਿੰਗ ਸੀਡ ਵਿਲੇਜ਼ ਪ੍ਰੋਗਰਾਮ ਅਧੀਨ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਨੋਡਲ ਏਜੰਸੀ ਪਨਸੀਡ ਵੱਲੋਂ ਸਪਲਾਈ ਕੀਤਾ ਕਣਕ, ਛੋਲੇ ਅਤੇ ਰੇਪਸੀਡ/ਮਸਟਰਡ ਦਾ ਬੀਜ ਉਪਦਾਨ ਤੇ ਮੁਹੱਈਆ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਡ ਵਿਲੇਜ਼ ਪ੍ਰੋਗਰਾਮ ਅਧੀਨ ਕਣਕ ਦਾ ਬੀਜ 1600/- ਰੁਪਏ ਕੁਇੰਟਲ ਸਹਾਇਤਾ, ਛੋਲਿਆਂ ਦਾ ਬੀਜ 4800/- ਰੁਪਏ ਕੁਇੰਟਲ ਸਹਾਇਤਾ ਅਤੇ ਰੇਪਸੀਡ/ਮਸਟਰਡ ਦਾ ਬੀਜ 4200/- ਰੁਪਏ ਪ੍ਰਤੀ ਕੁਇੰਟਲ ਸਹਾਇਤਾ ਨਾਲ ਤਸਦੀਕਸ਼ੁਦਾ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਹ ਬੀਜ ਕਿਸਾਨ ਵੀਰਾਂ ਨੂੰ ਖਰੀਦ ਸਮੇਂ ਹੀ ਸਹਾਇਤਾ ਰਾਸ਼ੀ ਘਟਾ ਕੇ ਦਿੱਤਾ ਜਾਵੇਗਾ। ਉਹਨਾ ਦੱਸਿਆ ਕਿ ਬੀਜ ਦੀ ਵੰਡ ਸਬੰਧੀ ਜਿਲ੍ਹਾ ਫਰੀਦਕੋਟ ਨੂੰ ਕਣਕ ਦੇ ਬੀਜ ਦਾ 2500 ਕੁਇੰਟਲ, ਛੋਲਿਆਂ ਦੇ ਬੀਜ ਦਾ 1.87 ਕੁਇੰਟਲ ਅਤੇ ਸਰੋਂ ਦੇ ਬੀਜ ਦਾ 4.2 ਕੁਇੰਟਲ ਟੀਚਾ ਪ੍ਰਾਪਤ ਹੋਇਆ ਹੈ। ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨ ਸਬਸਿਡੀ ਵਾਲੇ ਫਾਰਮ ਸਬੰਧਤ ਸਰਕਲ ਜਾਂ ਬਲਾਕ ਦਫਤਰਾਂ ਵਿੱਚੋਂ ਪ੍ਰਾਪਤ ਕਰ ਸਕਦੇ ਹਨ ਅਤੇ ਫਾਰਮ ਜਮਾਂ ਕਰਵਾ ਕੇ ਤੁਰਤ ਬੀਜ ਪ੍ਰਾਪਤ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਣਕ ਦਾ ਬੀਜ ਪ੍ਰਤੀ ਕੁਇੰਟਲ 2150/- ਰੁਪਏ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ, ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਬਿਜਾਈ ਕਰਨੀ ਹੈ, ਉਹ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹਨ। ਇਹ ਛੁੱਟੀਆਂ ਵਾਲੇ ਦਿਨ ਵੀ ਮੁਹੱਈਆ ਕਰਵਾਇਆ ਜਾਵੇਗਾ।