ਭਾਰਤੀ ਜਨਤਾ ਪਾਰਟੀ ਦੀ ਅਸਲੀ ਤਾਕਤ ਉਸਦਾ ਇਮਾਨਦਾਰ ਤੇ ਸਮਰਪਿਤ ਵਰਕਰ ਹੈ : ਮਨਪ੍ਰੀਤ ਬਾਦਲ
ਕੋਟਕਪੂਰਾ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੁਰਾਣੇ ਤਜਰਬੇਕਾਰ ਸਿਆਸਤਦਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਆਗੂ ਡਾ. ਰਮਨਦੀਪ ਸਿੰਘ ਜੈਤੋ ਦੇ ਨਿਵਾਸ ਸਥਾਨ ‘ਤੇ ਵਿਸ਼ੇਸ਼ ਫੇਰੀ ਪਾਈ। ਸ. ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਡਾ. ਰਮਨਦੀਪ ਸਿੰਘ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸ਼੍ਰੀ ਗੌਰਵ ਕੱਕੜ ਨੇ ਵੀ ਸ. ਬਾਦਲ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਨਿਰੰਤਰ ਮਿਲ ਰਹੇ ਸਮਰਥਨ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹਲਕਾ ਜੈਤੋ ਦੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਵਰਕਰਾਂ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਸਥਾਰਪੂਰਵਕ ਸਲਾਹ-ਮਸ਼ਵਰਾ ਕੀਤਾ ਅਤੇ ਹਰ ਵਰਕਰ ਦੇ ਵਿਚਾਰ ਧਿਆਨ ਨਾਲ ਸੁਣੇ। ਉਹਨਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਸਲੀ ਤਾਕਤ ਉਸਦਾ ਇਮਾਨਦਾਰ ਤੇ ਸਮਰਪਿਤ ਵਰਕਰ ਹੈ। ਸ. ਬਾਦਲ ਨੇ ਵਰਕਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਸਿਰਫ ਸਿਆਸਤ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਅਗਲੀ ਪੀੜ੍ਹੀ ਦੀ ਪੜ੍ਹਾਈ ਅਤੇ ਉਹਨਾਂ ਦੇ ਭਵਿੱਖ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਇੱਕ ਪੜ੍ਹੀ ਲਿਖੀ, ਸੋਚਵਾਨ ਅਤੇ ਸਸ਼ਕਤ ਪੀੜ੍ਹੀ ਹੀ ਇੱਕ ਚੰਗੇ ਰਾਸ਼ਟਰ ਦੀ ਨੀਂਹ ਰੱਖ ਸਕਦੀ ਹੈ। ਉਹਨਾਂ ਨੇ ਯੁਵਾ ਪੀੜ੍ਹੀ ਨੂੰ ਪਾਰਟੀ ਦੀ ਮੁੱਖ ਧੁਰਿਰੀ ਬਣਾਉਣ ‘ਤੇ ਭੀ ਜ਼ੋਰ ਦਿੱਤਾ। ਇਸ ਮੌਕੇ ਹੋਰ ਆਗੂਆਂ ਅਤੇ ਵਰਕਰਾਂ ਵਿੱਚ ਮੰਡਲ ਪ੍ਰਧਾਨ ਰਾਮ ਰਤਨ, ਸੰਦੀਪ ਸ਼ਰਮਾ, ਅਭੀ ਮਿੱਤਲ, ਰਾਮ ਅਵਤਾਰ ਵਰਮਾ, ਸ਼ੈਟੀ ਸ਼ਰਮਾ, ਗੁਰਮੀਤ ਰਾਮੇਆਣਾ, ਦਰਸ਼ਨ ਸਿੰਘ, ਗੁਰਪ੍ਰੀਤ ਰਾਜੂ, ਗੁਰਪ੍ਰੀਤ, ਹਰਮਨ, ਪਾਲਾ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਰਵੀਨ, ਜਸਵਿੰਦਰ, ਅੰਗਰੇਜ਼ ਰਾਜੂ, ਸੋਨਾ, ਡਾ. ਰੂਬੀ, ਅਜਮੇਰ ਸਿੰਘ, ਰਿੱਕੀ, ਕੁਲਵਿੰਦਰ ਖਾਲਸਾ ਆਦਿ ਸ਼ਾਮਲ ਸਨ। ਇਹ ਮੀਟਿੰਗ ਸਿਰਫ ਪਾਰਟੀ ਦੀ ਏਕਤਾ ਅਤੇ ਭਰੋਸੇ ਦਾ ਪ੍ਰਗਟਾਵਾ ਹੀ ਨਹੀਂ ਸੀ, ਸਗੋਂ ਇਸ ਗੱਲ ਦਾ ਸਪੱਸ਼ਟ ਸੰਕੇਤ ਵੀ ਸੀ ਕਿ ਭਾਰਤੀ ਜਨਤਾ ਪਾਰਟੀ ਹਲਕਾ ਜੈਤੋ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਢੰਗ ਨਾਲ ਉਭਰ ਰਹੀ ਹੈ।