17 ਮੈਂਬਰਾਂ ਦੀ ਤਹਿਸੀਲ ਕਮੇਟੀ ਵੀ ਚੁਣੀ ਗਈ, ਜਿਲਾ ਕਾਨਫਰੰਸ 29 ਨਵੰਬਰ ਨੂੰ ਹੋਵੇਗੀ : ਕੌਸ਼ਲ
ਕੋਟਕਪੂਰਾ, 10 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਫਰੀਦਕੋਟ ਦੀ ਕਾਨਫਰੰਸ ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਮਾਸਟਰ ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਸੁਖਜਿੰਦਰ ਸਿੰਘ ਤੂੰਬੜਭੰਨ ਅਤੇ ਸੁਖਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸ਼ੋਕ ਮਤਾ ਪਾਸ ਕਰਕੇ ਪਿਛਲੇ ਸਮੇਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਕਾਨਫਰੰਸ ਦਾ ਉਦਘਾਟਨੀ ਭਾਸ਼ਣ ਦਿੰਦੇ ਹੋਏ ਦੱਸਿਆ ਕਿ ਕਮਿਊਨਿਸਟ ਪਾਰਟੀ ਜਮਹੂਰੀ-ਕੇਂਦਰਵਾਦ ਦੇ ਅਸੂਲ ਮੁਤਾਬਕ ਕੰਮ ਕਰਦੀ ਹੈ ਜਿਸ ਦੀ ਚੋਣ ਹਰ ਤਿੰਨ ਸਾਲ ਬਾਅਦ ਪਿੰਡ ਦੀ ਬ੍ਰਾਂਚ ਤੋ ਲੈ ਕੇ ਕੌਮੀ ਕੌਂਸਲ ਦੇ ਪਧਰ ਤਕ ਆਮ ਪਾਰਟੀ ਵਰਕਰਾਂ ਦੀ ਸਰਗਰਮ ਭਾਈਵਾਲੀ ਨਾਲ ਕੀਤੀ ਜਾਂਦੀ ਹੈ। ਤਹਿਸੀਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਨੇ ਪਿਛਲੇ ਤਿੰਨ ਸਾਲ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ’ਤੇ ਹੋਈ ਬਹਿਸ ਵਿੱਚ ਗੋਰਾ ਪਿਪਲੀ ਅਤੇ ਵੀਰ ਸਿੰਘ ਕੰਮੇਆਣਾ ਨਰੇਗਾ ਆਗੂ, ਬਲਕਾਰ ਸਿੰਘ ਸਹੋਤਾ ਆਊਟਸੋਰਸ ਮੁਲਾਜ਼ਮ ਆਗੂ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਹਰਪਾਲ ਮਚਾਕੀ ਬਿਜਲੀ ਮੁਲਾਜ਼ਮ ਆਗੂ, ਨੌਜਵਾਨ ਆਗੂ ਚਰਨਜੀਤ ਸਿੰਘ ਚੰਮੇਲੀ ਅਤੇ ਬੀਬੀ ਸ਼ਸ਼ੀ ਸ਼ਰਮਾ ਇਸਤਰੀ ਆਗੂ ਨੇ ਹਿੱਸਾ ਲਿਆ। ਕੁੱਝ ਵਾਧਿਆਂ ਸਮੇਤ ਰਿਪੋਰਟ ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ। ਪਾਰਟੀ ਦੇ ਵਿਧਾਨ ਮੁਤਾਬਕ ਪੁਰਾਣੀ ਤਹਿਸੀਲ ਕਮੇਟੀ ਵੱਲੋਂ ਨਵੇਂ ਅਹੁੱਦੇਦਾਰਾਂ ਅਤੇ ਨਵੀਂ ਤਹਿਸੀਲ ਕਮੇਟੀ ਲਈ ਪੈਨਲ ਪੇਸ਼ ਕੀਤਾ ਗਿਆ। ਕਾਮਰੇਡ ਗੁਰਨਾਮ ਸਿੰਘ ਨੂੰ ਅਗਲੇ ਤਿੰਨ ਸਾਲ ਲਈ ਮੁੜ ਸਕੱਤਰ ਵਜੋਂ ਚੁਣ ਲਿਆ ਗਿਆ। ਮਾਸਟਰ ਗੁਰਚਰਨ ਸਿੰਘ ਮਾਨ ਅਤੇ ਬੀਬੀ ਸ਼ਸ਼ੀ ਸ਼ਰਮਾ ਨੂੰ ਮੀਤ ਸਕੱਤਰ ਅਤੇ ਇੰਦਰਜੀਤ ਸਿੰਘ ਗਿੱਲ ਨੂੰ ਕੈਸ਼ੀਅਰ ਚੁਣਿਆ ਗਿਆ। ਇਸਦੇ ਇਲਾਵਾ 17 ਮੈਂਬਰਾਂ ’ਤੇ ਅਧਾਰਿਤ ਨਵੀਂ ਤਹਿਸੀਲ ਕਮੇਟੀ ਦੀ ਚੋਣ ਦੇ ਨਾਲ-ਨਾਲ 29 ਨਵੰਬਰ ਨੂੰ ਹੋਣ ਵਾਲੀ ਜਿਲਾ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇੱਕ ਮਤਾ ਪਾਸ ਕਰਕੇ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਗਈ ਕਿ ਪਿੰਡ ਦੀਪ ਸਿੰਘ ਵਾਲਾ ਦੀ ਪੰਚਾਇਤੀ ਗਲੀ ਤੇ ਦੁਨੀ ਸਿੰਘ ਵੱਲੋਂ ਕੀਤਾ ਨਜਾਇਜ ਕਬਜ਼ਾ ਤੁਰੰਤ ਖਤਮ ਕਰਵਾ ਕੇ ਕਾਮਰੇਡ ਜਸਵਿੰਦਰ ਸਿੰਘ ਨਾਲ ਇਨਸਾਫ ਕੀਤਾ ਜਾਵੇ ਜਿਸਦੇ ਰੁਜ਼ਗਾਰ ਦਾ ਇਕੋ-ਇਕ ਸਾਧਨ ਉਸਦਾ ਛੋਟਾ ਹਾਥੀ ਮਕਾਨ ਅੰਦਰ ਬੰਦ ਹੋਣ ਕਾਰਨ ਉਸਦੇ ਪਰਿਵਾਰ ਲਈ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ। ਇਸ ਮੌਕੇ ਕਾਮਰੇਡ ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ ਅਤੇ ਜਸਪਾਲ ਸਿੰਘ ਦੀਪ ਸਿੰਘ ਵਾਲਾ, ਪ੍ਰਦੀਪ ਬਰਾੜ, ਜਗਤਾਰ ਸਿੰਘ ਰਾਜੋਵਾਲਾ, ਗੁਰਦੀਪ ਸਿੰਘ ਕੰਮੇਆਣਾ, ਸ਼ਿਵ ਨਾਥ ਦਰਦੀ, ਜਤਿੰਦਰ ਸਿੰਘ, ਸੁਖਚੈਨ ਸਿੰਘ ਥਾਂਦੇਵਾਲਾ ਅਤੇ ਗੁਰਮੇਲ ਸਿੰਘ ਕਿਲਾ ਨੌ ਸਮੇਤ ਭਰਵੀ ਗਿਣਤੀ ਵਿੱਚ ਪਾਰਟੀ ਦੇ ਡੈਲੀਗੇਟਾਂ ਨੇ ਕਾਨਫਰੰਸ ਵਿੱਚ ਹਾਜ਼ਰੀ ਦਿੱਤੀ।
