ਪਾਰਟੀ ਦੇ ਕੌਮੀ ਮਹਾਂ-ਸੰਮੇਲਨ ਨੂੰ ਸਫਲ ਬਣਾਉਣ ਲਈ ਕੋਟਕਪੂਰਾ ਬ੍ਰਾਂਚ ਨੇ ਸ਼ਾਨਦਾਰ ਯੋਗਦਾਨ ਪਾਇਆ : ਕੌਸ਼ਲ
ਕੋਟਕਪੂਰਾ, 25 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਬ੍ਰਾਂਚ ਕੋਟਕਪੂਰਾ ਦੀ ਕਾਨਫਰੰਸ ਮਾਸਟਰ ਗੁਲਵੰਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਪਿਛਲੇ ਦਿਨੀ ਪਾਰਟੀ ਦੇ ਕੌਮੀ ਮਹਾਂ-ਸੰਮੇਲਨ ਨੂੰ ਸਫਲ ਬਨਾਉਣ ਵਿੱਚ ਕੋਟਕਪੂਰਾ ਦੇ ਸਾਥੀਆਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਉਨਾਂ ਦਾ ਜਿਲਾ ਪਾਰਟੀ ਵੱਲੋਂ ਧੰਨਵਾਦ ਕੀਤਾ। ਉਹਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੌਜੂਦਾ ਸੰਦਰਭ ਵਿੱਚ ਧਾਰਮਿਕ ਸਹਿਣਸ਼ੀਲਤਾ ਦਿਵਸ ਵਜੋਂ ਮਨਾਏ ਜਾਣ ਅਤੇ ਸੈਮੀਨਾਰ ਕਰਵਾਏ ਜਾਣ ਦਾ ਐਲਾਨ ਕੀਤਾ। ਬ੍ਰਾਂਚ ਸਕੱਤਰ ਗੁਰਦੀਪ ਸਿੰਘ ਭੋਲਾ ਨੇ ਪਿਛਲੇ ਸਮੇ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ। ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੇ ਨਵੀਂ ਚੋਣ ਦਾ ਪੈਨਲ ਤਜਵੀਜ ਕੀਤਾ ਜਿਸ ਨੂੰ ਸਰਬ ਸੰਮਤੀ ਨਾਲ ਮਨਜ਼ੂਰ ਕਰਦੇ ਹੋਏ ਸੋਮ ਨਾਥ ਅਰੋੜਾ ਨੂੰ ਸਕੱਤਰ ਅਤੇ ਗੁਰਦੀਪ ਭੋਲਾ ਨੂੰ ਮੀਤ ਸਕੱਤਰ ਚੁਣਿਆ ਗਿਆ। ਕੋਟਕਪੂਰਾ ਤਹਿਸੀਲ ਦੀ ਹੋਣ ਜਾ ਰਹੀ ਚੋਣ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਜਿਲਾ ਕੌਂਸਲ ਮੈਂਬਰ ਪੱਪੀ ਢਿੱਲਵਾਂ ਸਮੇਤ ਕੁਲਵੰਤ ਸਿੰਘ ਚਾਨੀ, ਸੁਖਮੰਦਰ ਸਿੰਘ ਰਾਮਸਰ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ ਅਤੇ ਨਾਹਰ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।
