ਅਜ਼ਾਦੀ ਸੰਗਰਾਮ ਦੌਰਾਨ ਅਤੇ ਅਜ਼ਾਦੀ ਦੇ ਬਾਅਦ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
“ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 26 ਦਸੰਬਰ 1925 ਨੂੰ ਕਾਨਪੁਰ ’ਚ ਮਹਾਨ ਰੂਸੀ ਇਨਕਲਾਬ ਤੋਂ ਕਰੀਬ 8 ਸਾਲ ਬਾਅਦ ਬਰਤਾਨਵੀ ਸਾਮਰਾਜ ਤੋਂ ਅਜ਼ਾਦੀ ਹਾਸਿਲ ਕਰਨ ਅਤੇ ਅਜ਼ਾਦੀ ਦੇ ਬਾਅਦ ਮਜ਼ਦੂਰਾਂ-ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀ ਸਰਦਾਰੀ ਵਾਲਾ ਰਾਜ ਪ੍ਰਬੰਧ ਲਿਆਉਣ ਦੇ ਮਕਸਦ ਨਾਲ ਕੀਤੀ ਗਈ ਸੀ।’’ ਇਹ ਸ਼ਬਦ ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ’ਚ ਪਾਰਟੀ ਦਾ ਸੁਰਖ ਝੰਡਾ ਲਹਿਰਾਉਣ ਦੇ ਬਾਅਦ ਹਾਜ਼ਰ ਪਾਰਟੀ ਆਗੂਆਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਜਿਲਾ ਸਕੱਤਰ ਕਾਮਰੇਡ ਅਸ਼ੋਕ ਕੌਸ਼ਲ ਨੇ ਕਹੇ। ਉਨਾਂ ਦੱਸਿਆ ਕਿ ਪਹਿਲਾਂ ਵਿਦੇਸ਼ੀ ਰਾਜ ਦੌਰਾਨ ਪਾਰਟੀ ਦੇ ਸਿਖਰਲੇ ਆਗੂਆਂ ਨੂੰ ਕਾਨਪੁਰ, ਪੇਸ਼ਾਵਰ ਅਤੇ ਫਿਰ ਮੇਰਠ ਸਾਜਿਸ਼ ਆਦਿ ਝੂਠੇ ਕੇਸਾਂ ’ਚ ਫਸਾ ਕੇ ਜੇਲ੍ਹ ਬੰਦ ਕੀਤਾ ਗਿਆ। ਪਾਰਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਸਭ ਤੋਂ ਵੱਧ ਲੁੱਟੇ ਅਤੇ ਲਿਤਾੜੇ ਸਨਅਤੀ ਮਜ਼ਦੂਰਾਂ, ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਤੇਲੰਗਾਨਾ, ਪੈਪਸੂ ਮੁਜਾਰਾ ਘੋਲ ਆਦਿ ਅਨੇਕਾਂ ਸੰਘਰਸ਼ ਲੜੇ, ਜਿੰਨਾਂ ਦੀਆਂ ਕੁਰਬਾਨੀਆਂ ਅਤੇ ਪ੍ਰਾਪਤੀਆਂ ਦਾ ਸ਼ਾਨਦਾਰ ਇਤਿਹਾਸ ਮੌਜੂਦ ਹੈ। ਸਥਾਪਨਾ ਦਿਵਸ ਸਮਾਗਮ ਨੂੰ ਪਾਰਟੀ ਦੇ ਮੀਤ ਸਕੱਤਰ ਕਾਮਰੇਡ ਗੁਰਨਾਮ ਸਿੰਘ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਕਾਮਰੇਡ ਜਗਤਾਰ ਸਿੰਘ ਭਾਣਾ ਅਤੇ ਇਸਤਰੀ ਆਗੂ ਬੀਬੀ ਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ 146 ਵਿਰੋਧੀ ਮੈਂਬਰਾਂ ਨੂੰ ਮੁਅੱਤਲ ਕਰਕੇ ਬਿਨਾ ਸਾਰਥਿਕ ਬਹਿਸ ਦੇ ਫੌਜਦਾਰੀ ਕਾਨੂੰਨ ਸੋਧ ਦੇਣ ਨੂੰ ਸੰਸਦੀ ਲੋਕਤੰਤਰ ਲਈ ਗੰਭੀਰ ਖਤਰਾ ਦੱਸਿਆ, ਜਿਸ ਨੂੰ ਰੋਕਣ ਲਈ ਸਭ ਦੇਸ਼ਭਗਤ ਤਾਕਤਾਂ ਨੂੰ ‘ਇੰਡੀਆ‘ ਗਠਜੋੜ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ।
