ਕੋਟਕਪੂਰਾ, 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਡੇ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਫ਼ਰੀਦਕੋਟ ਵਾਸੀ ਡਾ. ਕੁਲਦੀਪ ਸਿੰਘ (ਡਾਇਰੈਕਟਰ ਖੇਤੀਬਾੜੀ ਫ਼ਰੀਦਕੋਟ) ਦੇ ਬੇਟੇ ਸੁਨਾਵਰਦੀਪ ਸਿੰਘ ਨੇ ਸੰਘ ਲੋਕ ਸੇਵਾ ਆਯੋਗ ਯੂਪੀਐਸ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 76ਵਾਂ ਸਥਾਨ ਹਾਸਲ ਕਰਕੇ ਆਈ.ਏ.ਐਸ. ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਸਬੰਧੀ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੁਨਾਵਰਦੀਪ ਸਿੰਘ ਦੀ ਇਹ ਸ਼ਾਨਦਾਰ ਸਫਲਤਾ ਸਿਰਫ਼ ਉਨ੍ਹਾਂ ਦੇ ਪਰਿਵਾਰ ਹੀ ਨਹੀਂ ਸਗੋਂ ਪੂਰੇ ਫ਼ਰੀਦਕੋਟ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਣਾ ਹੈ ਅਤੇ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਉੱਚੇ ਇਰਾਦਿਆਂ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਅਜਿਹੀਆਂ ਕਾਮਯਾਬੀਆਂ ਤੋਂ ਸੇਧ ਲੈਣ ਦੀ ਲੋੜ ਹੈ, ਤਾਂ ਜੋ ਉਹ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਸੁਨਾਵਰਦੀਪ ਸਿੰਘ ਵਰਗੇ ਹੋਣਹਾਰ ਨੌਜਵਾਨ ਸਮਾਜ ਲਈ ਚਾਨਣ ਮੁਨਾਰਾ ਸਾਬਤ ਹੁੰਦੇ ਹਨ, ਜੋ ਹੋਰਨਾਂ ਨੂੰ ਵੀ ਉੱਚੀਆਂ ਉਡਾਰੀਆਂ ਭਰਨ ਲਈ ਪ੍ਰੇਰਿਤ ਕਰਦੇ ਹਨ। ਸਪੀਕਰ ਸੰਧਵਾਂ ਨੇ ਡਾ. ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਮੁਬਾਰਕਬਾਦ ਦਿੰਦਿਆਂ ਸੁਨਾਵਰਦੀਪ ਸਿੰਘ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
