ਅਹਿਮਦਗੜ੍ਹ 12 ਮਈ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ। ਜਾਣਕਾਰੀ ਮੁਤਾਬਕ ਸ਼ਨੀਵਾਰ ਤੜਕੇ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੁਰਜੀਤ ਪਾਤਰ ਦੇ ਅਕਾਲ ਚਲਾਣੇ ਤੇ ਡੂੰਘਾ ਸ਼ੋਕ ਵਿਅਕਤ ਕਰਦੇ ਹੋਏ ਲੈਕਚਰਰ ਲਲਿਤ ਗੁਪਤਾ ਲੈਕਚਰਰ ਜਗਜੀਤ ਸਿੰਘ ਲੈਕਚਰਾਰ ਗੁਰ ਜੈਪਾਲ ਸਿੰਘ ਪੱਖੋਵਾਲ ਗਗਨਦੀਪ ਕੌਰ ਬਲਵਿੰਦਰ ਸਿੰਘ ਲਸੋਈ ਲੈਕਚਰਾਰ ਸੁਰੇਸ਼ ਜੈਨ ਆਦਿ ਨੇ ਕਿਹਾ ਕਿ ਸੁਰਜੀਤ ਪਾਤਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੂੰ ਸਾਲ 2012 ਦੇ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਜਾਣ ਉੱਤੇ ਸਿਆਸੀ ਆਗੂਆਂ ਤੋਂ ਲੈ ਕੇ ਸਾਹਿਤ ਜਗਤ ਦੀਆਂ ਕਈਆਂ ਹਸਤੀਆਂ ਮਾਂ ਬੋਲੀ ਨੂੰ ਸਮਰਪਿਤ ਅਧਿਆਪਕ ਸਾਥੀਆਂ ਨੇ ਦੁਖ ਪ੍ਰਗਟ ਕੀਤਾ ਹੈ। ਸੁਰਜੀਤ ਪਾਤਰ ਬਹੁਤ ਨਰਮ ਸੁਭਾਅ ਦੇ ਸਨ ਅਤੇ ਉੱਚ ਕੋਟੀ ਦੇ ਸ਼ਾਇਰ ਸਨ।ਸੁਰਜੀਤ ਪਾਤਰ ਦਾ ਜਨਮ ਜਨਵਰੀ 1945 ਵਿੱਚ ਜਲੰਧਰ ਦੇ ਪੱਤੜ ਕਲਾਂ ਪਿੰਡ ਵਿੱਚ ਹੋਇਆ। ਉਨ੍ਹਾਂ ਨੇ ਅੰਗਰੇਜ਼ੀ ਦੇ ਇੱਕ ਕਾਲਜ ਮੈਗਜ਼ੀਨ ਵਿੱਚ ਜਦੋਂ ਆਪਣੇ ਪਿੰਡ ਦਾ ਨਾਮ ਪੱਤੜ ਕਲਾਂ “Pattar kalan” ਲਿਖਿਆ ਤਾਂ ਉਹ ‘ਪਾਤਰ’ ਬਣ ਗਿਆ ਅਤੇ ਉਨ੍ਹਾਂ ਨੇ ਇਹੀ ਵਰਤਣਾ ਸ਼ੁਰੂ ਕਰ ਦਿੱਤਾ ਕਿ ਮੈਂ ਪਾਤਰ ਬਣ ਗਿਆ। ਸੁਰਜੀਤ ਪਾਤਰ ਨੇ ਆਪਣੀ ਬਹੁਤੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਦਲੀਪ ਕੌਰ ਟਿਵਾਣਾ ਵਰਗੇ ਵਿਦਵਾਨਾਂ ਦੀ ਸੰਗਤ ਮਾਨਣ ਦਾ ਮੌਕਾ ਮਿਲਿਆ। ਉਹ ਵੱਡਿਆਂ ਅਤੇ ਨਿੱਕਿਆਂ ਸਾਰਿਆਂ ਨੂੰ ਬੜੇ ਪਿਆਰ ਅਤੇ ਨਿੱਘ ਨਾਲ ਮਿਲਦੇ ਸਨ।ਮੌਜੂਦਾ ਸਮੇਂ ਵਿੱਚ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਨ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਾਂ ਬੋਲੀ ਦੇ ਨਿਘਾਰ ਦਾ ਫਿਕਰ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲ ਜਾਂਦੇ ਹਨ। ਪੰਜਾਬੀ ਬੋਲੀ ਬਾਰੇ ਉਹ ਖਾਸ ਚਿੰਤਤ ਸਨ, ਉਨ੍ਹਾਂ ਨੇ ਆਪਣੇ ਦਰਦ ਨੂੰ ਇਸ ਤਰ੍ਹਾਂ ਬਿਆਨ ਕੀਤਾ, ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ ਵਾਕ-ਵਾਕ! ਉਹਨਾਂ ਬੋਲਦਿਆਂ ਕਿਹਾ ਕਿ ਮਾਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਕਿਸੇ ਨਾਲ ਆਪਣੀ ਮਾਂ ਵਟਾ ਨਹੀਂ ਸਕਦੇ। ਇਹ ਸਿਰਫ਼ ਬੋਲੀ ਦੇ ਮਰਨ ਦੀ ਗੱਲ ਨਹੀਂ ਇਹ ਬੰਦੇ ਦੇ ਅੰਦਰ ਦੇ ਮਰਨ ਦੀ ਗੱਲ ਹੈ।ਪੰਜ਼ਾਬ ਦੇ ਕਾਲੇ ਦਿਨਾਂ ਬਾਰੇ ਉਨ੍ਹਾਂ ਦੀ ਕਵਿਤਾ “ਕੁਝ ਕਿਹਾ ਤਾਂ ਹਨੇਰਾ ਜਰ੍ਹੇਗਾ ਕਿਵੇਂ” ਜਿਸ ਨੂੰ ਬਾਅਦ ਵਿੱਚ ਹੰਸ ਰਾਜ ਹੰਸ ਨੇ ਗਾਇਆ ਬੜੀ ਮਸ਼ਹੂਰ ਹੋਈ। ਉਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਜਿਵੇਂ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ (1979),ਸਾਹਿਤ ਅਕਾਦਮੀ ਪੁਰਸਕਾਰ (1993), ਗੁਰੂ ਨਾਨਕ ਯੂਨੀਵਰਸਿਟੀ ਤੋਂ ਆਨਰੇਰੀ ਡੀ. ਲਿਟ ਦੀ ਉਪਾਧੀ (2010), ਪਦਮਸ਼੍ਰੀ ਪੁਰਸਕਾਰ (2012) ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ (2022)। ਉਨ੍ਹਾਂ ਦੀ ਇੱਕ ਗਜ਼ਲ ਅੱਜ ਉਨ੍ਹਾਂ ਦੇ ਵਿਛੋੜੇ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ-
ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ,
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ।

