ਫਰੀਦਕੋਟ, 22 ਜਨਵਰੀ (ਵਰਲਡ ਪੰਜਾਬੀ ਟਾਈਮਜ਼)
– ਮਰਹੂਮ ਮੁਲਾਜਮ ਆਗੂ, ਸਮਾਜਸੇਵੀ ਅਤੇ ਲੇਖਕ ਸੁਰਿੰਦਰ ਮਚਾਕੀ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਦੂਜਾ ਮੁਫਤ ਮੈਡੀਕਲ ਚੈੱਕਅਪ ਕੈਂਪ 25 ਜਨਵਰੀ ਨੂੰ ਫਰੀਦਕੋਟ ਦੇ ਸਰਕਾਰੀ ਐਲੀਮੈਂਟਰੀ ਸਕੂਲ, ਗਲੀ ਨੰਬਰ 10, ਬਲਬੀਰ ਬਸਤੀ ਵਿਖੇ ਲਾਇਆ ਜਾ ਰਿਹਾ ਹੈ। ਜਿਸ ਚ ਅੱਖਾਂ ਦੇ ਮਾਹਰ, ਹੱਡੀਆਂ ਦੇ ਮਾਹਰ, ਔਰਤਾਂ ਦੇ ਰੋਗਾਂ ਦੇ ਮਾਹਰ, ਆਮ ਬੀਮਾਰੀਆਂ ਅਤੇ ਕੰਨ, ਨੱਕ ਤੇ ਗਲੇ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰਾਂ ਵਲੋਂ ਮਰੀਜਾਂ ਦਾ ਚੈੱਕਅਪ ਕਰਨ ਉਪਰੰਤ ਮੁਫਤ ਦਵਾਈ ਮੁਹੱਈਆ ਕਰਵਾਈਆਂ ਜਾਣਗੀਆਂ। ਸਵ. ਸੁਰਿੰਦਰ ਮਚਾਕੀ ਦੇ ਸਪੁੱਤਰ ਅਤੇ ਕਾਰਜਕਾਰੀ ਫਿਲਮ ਨਿਰਮਾਤਾ ਤੇ ਫਿਲਮ ਪ੍ਰਚਾਰਕ ਸਪਨ ਮਨਚੰਦਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਦੂਜੀ ਬਰਸੀ ਮੌਕੇ ਲਾਏ ਜਾ ਰਹੇ ਕੈਂਪ ਵਿੱਚ ਜਿੰਦਲ ਹੈਲਥ ਕੇਅਰ ਫਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਡਾ. ਦਾਨਿਸ਼ ਜਿੰਦਲ ਦੀ ਅਗਵਾਈ ਹੇਠ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਵੱਲੋਂ ਲੋੜਵੰਦ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ। ਕਰ ਭਲਾ ਸੋਸ਼ਲ ਵੈਲਫੇਅਰ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ ਲਾਏ ਜਾ ਰਹੇ ਇਸ ਕੈਂਪ ਵਿੱਚ ਮਰੀਜਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਮੰਚ ਸੰਚਾਲਕ ਤੇ ਸਮਾਜਸੇਵੀ ਜਸਬੀਰ ਜੱਸੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਸੇਵਾਮੁਕਤ ਹੋਏ ਸੁਰਿੰਦਰ ਮਚਾਕੀ ਨੇ ਆਪਣੀ ਸਾਰੀ ਉਮਰ ਸਮਾਜਸੇਵਾ ਤੇ ਮਲਾਜਮਾਂ ਦੇ ਹੱਕਾਂ ਵਿੱਚ ਕੰਮ ਕੀਤਾ। ਪੰਜਾਬ ਪੈਨਸ਼ਨਰ ਯੂਨੀਅਨ ਦੇ ਸੁਬਾਈ ਸਕੱਤਰ ਅਤੇ ਬਤੌਰ ਲੇਖਕ ਸਮਾਜਿਕ ਮੁੱਦਿਆਂ ’ਤੇ ਸੈਂਕੜੇ ਲੇਖ ਲਿਖਕੇ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ’ਤੇ ਜਾਗਰੂਕ ਕਰਨ ਵਾਲੇ ਸ੍ਰ. ਮਚਾਕੀ ਦੋ ਸਾਲ ਪਹਿਲਾਂ 25 ਜਨਵਰੀ 2022 ਨੂੰ ਇਕ ਗੰਭੀਰ ਬੀਮਾਰੀ ਨਾਲ ਲੜਦੇ ਹੋਏ ਦੁਨੀਆਂ ਤੋਂ ਅਲਵਿਦਾ ਲੈ ਗਏ ਸਨ।