09 ਸੋਨੇ, 02 ਚਾਂਦੀ ਅਤੇ 04 ਕਾਂਸੇ ਦੇ ਤਮਗਿਆਂ ਸਮੇਤ ਜਿੱਤੇ ਕੁੱਲ 15 ਤਮਗੇ
ਕੁਰਾਲ਼ੀ, 27 ਨਵੰਬਰ ( ਵਰਲਡ ਪੰਜਾਬੀ ਟਾਈਮਜ਼)
ਅਲੱਗ ਤੋਂ ਖ਼ਾਸ ਬੱਚਿਆਂ ਲਈ 20 ਤੋਂ 25 ਨਵੰਬਰ ਤੱਕ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ:2024’ ਅਮਿਟ ਪੈੜਾਂ ਪਾਉਂਦੀਆਂ ਸਮਾਪਤ ਹੋਈਆਂ। ਜਿਨ੍ਹਾਂ ਵਿੱਚ ਪੰਜਾਬ ਦੇ 25 ਜਿਲ੍ਹਿਆਂ ਵਿੱਚੋਂ ਵੱਖੋ-ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸੰਸਥਾਵਾਂ ਤੇ ਹੋਰ ਅਦਾਰਿਆਂ ਵੱਲੋਂ ਹਜਾਰਾਂ ਦੀ ਗਿਣਤੀ ਵਿੱਚ ਪੈਰਾ ਖਿਡਾਰੀਆਂ (ਸਰੀਰਕ ਅਤੇ ਮਾਨਸਿਕ) ਨੇ ਭਾਗ ਲਿਆ। ਇਸੇ ਦੌਰਾਨ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਦੀ ਅਗਵਾਈ ਵਿੱਚ ਕਾਰਜਸ਼ੀਲ ਸੰਸਥਾ ਪ੍ਰਭ ਆਸਰਾ, ਪਡਿਆਲਾ (ਕੁਰਾਲ਼ੀ) ਦੇ ਸ਼ਪੈਸ਼ਲ ਬੱਚਿਆਂ ਨੇ ਮੋਹਾਲ਼ੀ ਜਿਲ੍ਹੇ ਦੀ ਨੁਮਾਇੰਦਗੀ ਕਰਦਿਆਂ 09 ਸੋਨੇ, 02 ਚਾਂਦੀ ਅਤੇ 04 ਕਾਂਸੇ ਦੇ ਤਮਗਿਆਂ ਸਮੇਤ ਕੁੱਲ 15 ਤਮਗੇ ਜਿੱਤ ਕੇ ਫਖਰਯੋਗ ਪ੍ਰਦਰਸ਼ਨ ਕੀਤਾ। ਹਰਮਨਪ੍ਰੀਤ ਸਿੰਘ ਨੇ ਲੰਮੀ ਛਾਲ਼ ਤੇ 1500 ਮੀਟਰ ਦੌੜ ਵਿੱਚ 02 ਸੋਨ ਤਮਗੇ, ਹਰਪ੍ਰੀਤ ਕੌਰ ਨੇ ਗੋਲ਼ਾ ਤੇ ਨੇਜਾ ਸੁੱਟਣ ‘ਚ 02 ਸੋਨ ਤਮਗੇ, ਅਰਬਾਜ ਨੇ ਗੋਲ਼ਾ ਸੁੱਟਣ ਵਿੱਚ ਸੋਨ ਤਮਗਾ, ਪਲਕ ਨੇ 400 ਮੀਟਰ ਦੌੜ ‘ਚ ਸੋਨ ਤਮਗਾ ਤੇ 100 ਮੀਟਰ ਵਿੱਚ ਕਾਂਸੀ ਦਾ ਤਮਗਾ, ਸੋਨੀ ਨੇ ਲੰਮੀ ਛਾਲ਼ ‘ਚ ਸੋਨ ਤਮਗਾ, ਵਿਸ਼ਨੂੰ ਨੇ ਲੰਮੀ ਛਾਲ਼ ਤੇ ਗੋਲ਼ਾ ਸੁੱਟਣ ‘ਚ 02 ਚਾਂਦੀ ਦੇ ਤਮਗੇ ਤੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ, ਨਿੱਕੀ ਨੇ 1500 ਮੀਟਰ ਦੌੜ ‘ਚ ਕਾਂਸੀ ਦਾ ਤਮਗਾ, ਗੁਰਵਿੰਦਰ ਕੌਰ ਨੇ 1500 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਤੇ ਏਕਮਵੀਰ ਸਿੰਘ ਨੇ ਲੰਮੀ ਛਾਲ਼ ‘ਚ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਸੰਸਥਾ ਅਤੇ ਮੋਹਾਲ਼ੀ ਜਿਲ੍ਹੇ ਦਾ ਨਾਮ ਚਮਕਾਇਆ। ਜਿਕਰਯੋਗ ਹੈ ਕਿ ਪ੍ਰਭ ਆਸਰਾ ਵੱਲੋਂ ਇਹਨਾਂ ਖਿਡਾਰੀਆਂ ਲਈ ਉਚੇਚੇ ਤੌਰ ‘ਤੇ ਕੋਚਾਂ, ਸਾਜੋ-ਸਾਮਾਨ ਅਤੇ ਵਿਸ਼ੇਸ਼ ਖੁਰਾਕ ਦੇ ਪ੍ਰਬੰਧ ਕੀਤੇ ਹੋਏ ਹਨ।

