ਬੱਚਿਆਂ ਅੰਦਰ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਪੈਦਾ ਕਰਨਾ ਸਮੇਂ ਦੀ ਜ਼ਰੂਰਤ : ਫ਼ਾਦਰ ਤੇਜਾ

ਫ਼ਰੀਦਕੋਟ, 28 ਮਾਰਚ (ਵਰਲਡ ਪੰਜਾਬੀ ਟਾਈਮਜ਼)
ਸੇਂਟ ਮੈਰੀਜ ਕਾਨਵੈਂਟ ਸਕੂਲ ਫਰੀਦਕੋਟ ਵਿਖੇ 2025-26 ਦੇ ਨਰਸਰੀ ਕਲਾਸ ਦੀ ਅਕਾਦਮਿਕ ਸਾਲ ਦੀ ਰਸਮੀ ਸੁਰੂਆਤ ਵੇਲੇ ‘ਵਿੱਦਿਆਰੰਭਮ’ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਫਾਦਰ ਜੌਨ ਤੇਜਾ, ਡੀਨ ਅਤੇ ਪੈਰਿਸ ਪ੍ਰੀਸਟ ਸੇਂਟ ਜੋਸਫ ਕੈਥੋਲਿਕ ਚਰਚ ਕੋਟਕਪੂਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ। ਉਨ੍ਹਾਂ ਦਾ ਸਵਾਗਤ ਸਕੂਲ ਮੈਨੇਜਰ ਫਾਦਰ ਸਿਲਵਿਨੋਜ, ਪਿ੍ਰੰਸੀਪਲ ਫਾਦਰ ਬੈਨੀਥਾਮਸ, ਸਕੂਲ ਦੇ ਬਰਸਰ ਫਾਦਰ ਦੀਪਕ ਅਤੇ ਕਿੰਡਰਗਾਰਟਨ ਵਿੰਗ ਦੇ ਇਨਚਾਰਜ ਸਿਸਟਰ ਅਨੂਮਰਿਯਾ ਦੁਆਰਾ ਕੀਤਾ ਗਿਆ। ਸਮਾਗਮ ਦੀ ਸੁਰੂਆਤ ਮੌਜੂਦ ਪਤਵੰਤਿਆਂ ਮਹਿਮਾਨਾਂ ਦੁਆਰਾ ਸ਼ਮਾ ਰੌਸ਼ਨ ਕਰਨ ਨਾਲ ਹੋਈ। ਸਮਾਗਮ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ’ਤੇ ਨਰਸਰੀ ਕਲਾਸ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਗਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਕਿੰਡਰਗਾਰਟਨ ਵਿੰਗ ਦੇ ਵਿਦਿਆਰਥੀਆਂ ਨੇ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਪੰਜਾਬ ਅਤੇ ਭਾਰਤ ਦੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਮਨੋਰੰਜਨ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ’ਚ ਫਾਦਰ ਜੌਨ ਤੇਜਾ ਨੇ ਬੱਚਿਆਂ ਅੰਦਰ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਪੈਦਾ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਸਮਾਗਮ ਦਾ ਸਮਾਪਨ ਮੁੱਖ ਮਹਿਮਾਨ ਦੇ ਆਸ਼ੀਰਵਾਦ ਨਾਲ ਹੋਇਆ ਅਤੇ ਛੋਟੇ ਬੱਚਿਆਂ ਨੂੰ ਵਰਣਮਾਲਾ ਦੀ ਦੁਨੀਆਂ ਨਾਲ ਜਾਣੂ ਕਰਵਾਉਂਦੇ ਹੋਏ ਚੌਲਾਂ ਦੇ ਦਾਣਿਆਂ ਦੀ ਭਰੀ ਪਲੇਟ ਅੰਦਰ ਪਹਿਲਾ ਅੱਖਰ ਪਰਮਾਤਮਾ ਦੇ ਨਾਮ ’ਤੇ ਲਿਖਵਾਈਆਂ ਗਿਆ। ਪਹਿਲਾ ਅੱਖਰ ਲਿਖਵਾਉਣ ’ਚ ਫਾਦਰ ਅਗਸਟਿਨ, ਫਾਦਰ ਜੌਨ ਤੇਜਾ, ਫਾਦਰ ਸਿਲਵੀਨੋਸ, ਫਾਦਰ ਬੈਨੀ ਥਾਮਸ, ਫਾਦਰ ਦੀਪਕ, ਸਿਸਟਰ ਸੋਨਿਟ, ਸਿਸਟਰ ਜੌਤੀ ਟੌਮ, ਸਿਸਟਰ ਅਨੂਮਰਿਯਾ,ਤੇ ਸਿਸਟਰ ਅੰਜਨਾ ਨੇ ਮਦਦ ਕੀਤੀ। ਅਨਾਜ ’ਤੇ ਲਿਖਣਾ ਗਿਆਨ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ ਜੋ ਖੁਸ਼ਹਾਲੀ ਵੱਲ ਲੈ ਜਾਂਦਾ ਹੈ।
