ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ’ਚ ਕਰਵਾਏ ਜਾਂਦੇ ਸਾਲਾਨਾ ਖੇਡ ਮੁਕਾਬਲਿਆਂ ’ਚ ਸੈਸ਼ਨ 2024-25 ਦੇ ਕਲੱਸਟਰ ਨਾਨਕਸਰ (ਬਲਾਕ ਕੋਟਕਪੂਰਾ) ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ ਸ.ਪ.ਸ. ਢੈਪਈ ਵਿਖੇ ਸੈਂਟਰ ਹੈੱਡ ਟੀਚਰ ਅਮਰਪਾਲ ਕੌਰ ਦੀ ਅਗਵਾਈ ’ਚ ਕਰਵਾਏ ਗਏ, ਜਿਸ ਵਿੱਚ ਕਲੱਸਟਰ ਨਾਨਕਸਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਐਥਲੈਟਿਕਸ, ਘੋਲ, ਕਬੱਡੀ, ਖੋ-ਖੋ, ਰੱਸਾਕਸ਼ੀ ਅਤੇ ਹੋਰ ਕਿਸਮਾਂ ਦੀਆਂ ਖੇਡਾਂ ’ਚ ਆਪਸ ’ਚ ਮੁਕਾਬਲਾ ਕੀਤਾ। ਇਹਨਾਂ ਖੇਡ ਮੁਕਾਬਲਿਆਂ ’ਚ ਸ.ਪ.ਸ. ਢੈਪਈ ਨੇ ਸਭ ਤੋਂ ਵੱਧ ਮੁਕਾਬਲਿਆਂ ’ਚ ਜਿੱਤ ਹਾਸਲ ਕਰਕੇ ਕਲੱਸਟਰ ਪੱਧਰੀ ਉਵਰਆਲ ਵਿਨਰ ਦੀ ਟਰਾਫੀ ਹਾਸਲ ਕੀਤੀ। ਬੈਸਟ ਅਥਲੀਟ ਲੜਕੀ ਦਾ ਇਨਾਮ ਸ.ਪ.ਸ. ਢੈਪਈ ਦੀ ਵਿਦਿਆਰਥਣ ਬਬਲਜੋਤ ਕੌਰ ਅਤੇ ਬੈਸਟ ਅਥਲੀਟ ਲੜਕੇ ਦਾ ਇਨਾਮ ਸ.ਪ.ਸ. ਲਾਲੇਆਣਾ ਦੇ ਵਿਦਿਆਰਥੀ ਸ਼ਿਵਮ ਨੇ ਹਾਸਲ ਕੀਤਾ। ਇਨਾਮ ਵੰਡਣ ਦੀ ਰਸਮ ’ਚ ਸੈਂਟਰ ਹੈੱਡ ਟੀਚਰ, ਸਮੂਹ ਸਕੂਲਾਂ ਦੇ ਹੈੱਡ ਟੀਚਰ, ਅਧਿਆਪਕਾਂ, ਪਿੰਡ ’ਚੋਂ ਪਤਵੰਤੇ-ਸੱਜਣ ਰਣਜੀਤ ਸਿੰਘ ਚਹਿਲ, ਰਿਟਾਇਰਡ ਹੈੱਡ ਟੀਚਰ ਗੇਜ ਰਾਮ ਭੌਰਾ, ਸਰਕਾਰੀ ਹਾਈ ਸਕੂਲ ਢੈਪਈ ਦੀ ਮੁੱਖ ਅਧਿਆਪਿਕਾ ਅਮਨਦੀਪ ਕੌਰ, ਅਧਿਆਪਕ ਜਤਿੰਦਰ ਕੁਮਾਰ ਅਤੇ ਪ੍ਰਮੋਦ ਧੀਰ ਸ਼ਾਮਲ ਹੋਏ। ਸਟੇਜ ਸੈਕਟਰੀ ਦੀ ਭੂਮਿਕਾ ਸ.ਪ.ਸ. ਲਾਲੇਆਣਾ ਦੇ ਹੈੱਡ ਟੀਚਰ ਜਗਸੀਰ ਸਿੰਘ ਨੇ ਨਿਭਾਈ। ਗੇਜ ਰਾਮ ਭੌਰਾ ਨੇ ਸਕੂਲ ਨੂੰ ਉਤਸ਼ਾਹਿਤ ਕਰਨ ਤੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਆਪਣੀ ਕਮਾਈ ’ਚੋਂ ਸਕੂਲ ਨੂੰ 1100 ਰੁਪੈ ਦਾਨ ਕੀਤੇ। ਅੰਤ ਵਿੱਚ ਹੈੱਡ ਟੀਚਰ ਹੁਕਮ ਚੰਦ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸੈਂਟਰ ਨਾਨਕਸਰ ਵਲੋਂ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।