ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਸੰਗਰੂਰ 17 ਅਗਸਤ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ ਤੇ ਗੁਰਦੀਪ ਸਿੰਘ ਲਹਿਰਾ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ
ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਰੋਂ ਵਿਖੇ ਇਕ ਸਿਖਿਆਦਾਇਕ , ਤਰਕਸ਼ੀਲ ਪਰੋਗਰਾਮ ਦਿੱਤਾ । ਲੈਕਚਰਾਰ ਸੁਨੀਲ ਗਰਗ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ, ਤਰਕਸ਼ੀਲਤਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਹਾਜ਼ਰੀਨ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਹਿੰਮਤ, ਲਗਨ ,ਲਗਾਤਾਰਤਾ ਦੇ ਨਾਲ ਕੀ,ਕਿਉਂ ਕਿਵੇਂ ਆਦਿ ਗੁਣ ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ ਜਾਣ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਜ਼ਿੰਦਗੀ ਜਿਊਣ ਦਾ ਆਦਰਸ਼ ਹੋਣਾ ਚਾਹੀਦਾ ਹੈ , ਸੁਪਨੇ ਲੈ ਕੇ ਉਨ੍ਹਾਂ ਨੂੰ ਪੂਰੀ ਕਰਨ ਦੀ ਤਾਂਘ ਹੋਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੀਖਿਆ ਸਤੰਬਰ ਟੈਸਟ ਤੋਂ ਛੇਤੀ ਬਾਅਦ ਹੋਵੇਗੀ ਤੇ ਇਸ ਪ੍ਰੀਖਿਆ ਵਿੱਚ ਛੇਵੀਂ ਤੋਂ ਬਾਰ੍ਹਵੀਂ ਤਕ ਦੇ ਵਿਦਿਆਰਥੀ ਸ਼ਾਮਿਲ ਹੋਣਗੇ। ਸੂਬਾ,ਜੋਨ ਤੇ ਇਕਾਈ ਪੱਧਰੀ ਕਲਾਸ ਵਾਇਜ਼ ਮੈਰਿਟ ਬਣੇਗੀ। ਹਰ ਕਲਾਸ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੈਰਿਟ ਵਿੱਚ ਹੋਣਗੇ, ਤੇ ਉਨ੍ਹਾਂ ਨੂੰ 1500/- ਰੁਪਏ ਨਕਦ ਇਨਾਮ, ਵਿਗਿਆਨਕ ਵਿਚਾਰਾਂ ਦੀ ਪੁਸਤਕਾਂ,ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ ਨਾਲ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਜੋਨ ਤੇ ਇਕਾਈ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੁੱਲਵਾਨ ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਢੁਕਵੀਂ ਹੋ ਗਈ ਤਾਂ ਸਾਰੋਂ ਸਕੂਲ ਵਿਖੇ ਵੀ ਪ੍ਰੀਖਿਆ ਬਣਾਇਆ ਜਾਵੇਗਾ। ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਿਲੇਬਸ ਪੁਸਤਕ ਲੈ ਕੇ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ।
ਲੈਕਚਰਾਰ ਗੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੰਦਿਆਂ ਤਰਕਸ਼ੀਲ ਸੁਸਾਇਟ ਦੇ ਆਗੂਆਂ ਦਾ ਧੰਨਵਾਦ ਕੀਤਾ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਵਾਉਣ ਦਾ ਵਿਸ਼ਵਾਸ ਦਵਾਇਆ ।ਇਸ ਪ੍ਰੋਗਰਾਮ ਵਿੱਚ ਉਪਰੋਕਤ ਤੋਂ ਇਲਾਵਾ ਰੀਤੂ ਬਾਂਸਲ,ਸਰੋਜ ਬਾਲਾ, ਜਸਵੀਰ ਕੌਰ, ਰਾਜਵਿੰਦਰ ਕੌਰ,ਨਿੰਦਰ ਪਾਲ, ਹਰਕੀਰਤ ਸਿੰਘ,ਵੀਰ ਸਿੰਘ, ਵਿਸ਼ਾਲ ਗਰਗ ਅਧਿਆਪਕਾਂ ਤੇ ਸਮੂਹ ਵਿਦਿਆਰਥੀਆਂ ਨੇ ਸਮਾਰੋਹ ਸ਼ਮੂਲੀਅਤ ਕੀਤੀ।

