ਪੰਜਾਬ ਅੰਦਰ ਸਿੱਖ ਗੁਰੂਆਂ ਨਾਲ ਸਬੰਧਤ ਧਾਰਮਿਕ ਇਤਿਹਾਸਕ ਸਥਾਨਾਂ ਦੀ ਅਹਿਮ ਮਹੱਤਤਾ ਹੈ । ਜੇਕਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਇਸ ਛੋਟੇ ਸਾਹਿਬਜ਼ਾਦਿਆਂ ਦੇ ਖੁਨ ਨਾਲ ਲਬਰੇਜ਼ ਹੋਣ ਕਾਰਨ ਜੁਲਮ ਦੇ ਜਬਰ ਦੀ ਦਸਤਾਨ ਦਰਸਾਉਂਦੀ ਹੈ । ਹਰੇਕ ਸਾਲ ਇਸ ਧਰਤੀ ਉੱਪਰ ਪੋਹ ਦੇ ਮਹੀਨੇ ਛੋਟੇ ਸਾਹਿਬਜ਼ਾਦਿਆਂ ਦਾ ਤਿੰਨ ਦਿਨਾਂ ਲਈ ਸ਼ਹੀਦੀ ਸਭਾ ਦੇ ਸਮਾਗਮਾਂ ਨੂੰ ਮਨਾਇਆ ਜਾਂਦਾ ਹੈ । ਦਸੰਬਰ ਦੇ ਪਹਿਲੇ ਹਫਤੇ ਹੀ ਹਜ਼ਾਰਾਂ ਸੰਗਤਾਂ ਦੂਰ-ਦੁਰਾਡੇ ਤੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ।ਐਤਵਾਰ ਵਾਲੇ ਦਿਨ ਤਾਂ ਸੰਗਤਾਂ ਬਹੁਤਾਤ ਗਿਣਤੀ ‘ਚ ਨਤਮਸਤਕ ਹੁੰਦੀਆਂ ਹਨ । ਜਿਸ ਸਦਕਾ ਸੜਕਾਂ ਉੱਪਰ ਆਵਾਜਾਈ ‘ਚ ਵਿਘਨ ਪੈਣਾ ਲਾਜ਼ਮੀ ਹੈ ।ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵਲੋਂ ਪਿਛਲੇ ਮਹੀਨੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਸ਼ਹੀਦੀ ਸਭਾ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਪਹਿਲ ਦੇ ਆਧਾਰ ਉੱਪਰ ਕਰਨ ਦੇ ਆਦੇਸ਼ ਦਿੱਤੇ ਸੀ ਜੋ ਵਧੀਆ ਗਲ ਹੈ । ਜਿਸ ਪਵਿੱਤਰ ਧਰਤੀ ਉੱਪਰ ਲੱਖਾਂ ਸੰਗਤਾਂ ਦੇਸ਼ ਦੇ ਹਰ ਕੋਨੇ ਅਤੇ ਵਿਦੇਸ਼ਾਂ ਤੋਂ ਸਰਧਾ ਦੇ ਫੁਲ ਭੇਟ ਕਰਨ ਆਉਂਦੀਆਂ ਹਨ , ਉਨ੍ਹਾਂ ਲਈ ਇਸ ਪਵਿੱਤਰ ਸ਼ਹਿਰ ਦੀ ਹੱਦ ਅੰਦਰ ਦਾਖਲ਼ ਹੁੰਦਿਆਂ ਹੀ ਸਾਰੀਆਂ ਸੜਕਾਂ ਸਾਫ ਸੁੱਥਰੀਆਂ ਸਵਾਗਤ ਕਰਦੀਆਂ ਹੋਣ । ਜਿਲ੍ਹੇ ਦੀ ਹੱਦ ਅੰਦਰਲੀਆਂ ਸੜਕਾਂ ਉੱਪਰ ਮੁਰੰਮਤ ਦਾ ਕੰਮ ਕਾਫੀ ਹੱਦ ਤੱਕ ਕੀਤਾ ਗਿਆ ਹੈ । ਜਦੋਂ ਕਿ ਪਿਛਲੇ ਸਾਲ ਦਸੰਬਰ ਦੇ ਦੂਸਰੇ ਹਫਤੇ ਤੱਕ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋਇਆ ਸੀ । ਸ਼ਹੀਦੀ ਸਭਾ ਨੇੜਲੇ ਦਿਨਾਂ ਦੌਰਾਨ ਸੜਕਾਂ ਉੱਪਰ ਸੰਗਤਾਂ ਦਾ ਸੈਲਾਬ ਆਉਣ ਕਾਰਨ ਸੰਗਤਾਂ ਨੂੰ ਵੀ ਦਿੱਕਤਾਂ ਆਉਂਦੀਆਂ ਹਨ ।ਇਸੇ ਸੰਦਰਭ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੋ ਮਹੀਨੇ ਪਹਿਲਾਂ ਹੀ ਸਬੰਧਤ ਉੱਚ ਅਧਿਕਾਰੀਆਂ ਦੀਆਂ ਵਾਰ ਵਾਰ ਮੀਟਿੰਗਾਂ ਕਰ ਕੇ ਸੜਕਾਂ ਦੀ ਮੁਰੰਮਤ ਦੇ ਕੰਮ ਦੀ ਸਮੀਖਿਆ ਕੀਤੀ ਗਈ ਹੈ ਜੋ ਸਲਾਹੁਣਯੋਗ ਹੈ , ਉਨ੍ਹਾ ਨੇ ਅਧਿਕਾਰੀਆਂ ਨੂੰ ਸਮਾਂਬੱਧ ਕੰਮ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਹਨ । ਸਹਿਰ ਦੇ ਸੁੰਦਰੀਕਰਨ ਲਈ ਗੱਲ ਵੀ ਕੀਤੀ ਹੈ ਜੋ ਵਧੀਆ ਗੱਲ ਹੈ ਜੋ ਇਸ ਪਵਿੱਤਰ ਧਰਤੀ ਲਈ ਹੋਣੀ ਵੀ ਚਾਹੀਦੀ ਹੈ ਕਿਉਂ ਕਿ ਦੇਸ਼ ਵਿਦੇਸ਼ ਦੀ ਸੰਗਤ ਲੱਖਾਂ ਦੀ ਤਾਦਾਦ ਵਿੱਚ ਆਉਂਦੀ ਹੈ , ਗੁਰਦੁਆਰਾ ਸਾਹਿਬ ਨੂੰ ਜਾਂਦਿਆਂ ਰਸਤਿਆਂ ਨੂੰ ਬੋਰਡ ਲਗਾ ਕੇ ਦਰਸਾਇਆ ਜਾਵੇ ।ਹੋਰ ਇਤਿਹਾਸਕ ਧਾਰਮਿਕ ਸਥਾਨਾਂ ਲਈ ਵੀ ਸਰਕਾਰ ਦੀ ਇਹੋ ਸੋਚ ਹੋਣੀ ਚਾਹੀਦੀ ਹੈ ।ਪਰ ਸਰਕਾਰ ਕਿਉਂ ਨਹੀਂ ਸਮਝਦੀ ਇਹ ਕੋਈ ਇੱਕ ਸਾਲ ਦਾ ਕੰਮ ਨਹੀਂ ਸਗੋਂ ਸੰਗਤਾਂ ਤਾਂ ਸਾਰਾ ਸਾਲ ਇਸ ਧਰਤੀ ਦੇ ਦਰਸ਼ਨ ਕਰਨ ਆਉਂਦੀਆਂ ਰਹਿੰਦੀਆਂ ਹਨ ।ਇਹ ਸਾਰੀਆਂ ਗੱਲਾਂ ਸਾਰਾ ਸਾਲ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ ਸਿਰਫ ਉਹ ਪ੍ਰਬੰਧ ਜਿਹੜੇ ਮੌਕੇ ਉੱਪਰ ਹੋਣੇ ਹੁੰਦੇ ਹਨ ਉਹ ਤਾਂ ਠੀਕ ਹੈ ਉਸ ਸਮੇਂ ਹੀ ਕਰਨੇ ਹੁੰਦੇ ਹਨ ਪਰ ਸੜਕਾਂ ਦੀ ਮੁਰੰਮਤ , ਸੜਕਾਂ ਤੇ ਧੁੰਦ ਤੋਂ ਬਚਾਅ ਲਈ ਰੰਗਦਾਰ ਪੱਟੀਆਂ , ਸ਼ਫਾਈ , ਡਿਵਾਈਡਰਾਂ ਤੇ ਪੇਂਟ , ਲਾਈਟਾਂ , ਪਬਲਿਕ ਟਾਇਲਟਸ ਵਗੈਰਾ ਦੇ ਕੰਮ ਸਾਰਾ ਸਾਲ ਮੁਕੰਮਲ ਸਾਫ ਸੁੱਥਰੇ ਹੋਣੇ ਚਾਹੀਦੇ ਹਨ ।ਰਾਜ ਦੀ ਰਾਜਧਾਨੀ ਨੂੰ ਜੌੜਦੀ ਚੁੰਨੀ , ਲਾਂਡਰਾਂ ਵਾਲੀ ਸੜਕ ਤੇ ਥਾਂ-ਥਾਂ ਉੱਪਰ ਐਨੇ ਡੂੰਘੇ ਟੋਏ ਹਨ ਕਿ ਤੇਜ਼ ਸਪੀਡ ਤੇ ਜਾ ਰਹੀਆਂ ਗੱਡੀਆਂ ਅਚਾਨਕ ਹੀ ਧੜੱਮ ਕਰਕੇ ਖੱਡੇ ‘ਚੋਂ ਲੰਘਦੀਆਂ ਹਨ ਜਿਸ ਕਰਕੇ ਕਿਸੇ ਵੀ ਗੱਡੀ ਨਾਲ ਦੁਰਘਟਨਾ ਵਾਪਰ ਸਕਦੀ ਹੈ , ਗੱਡੀਆਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਆਸ ਹੈ ਕਿ ਇਹ ਸੜਕ ਦੀ ਮੁਰੰਮਤ ਦਾ ਕੰਮ ਵੀ ਸ਼ਹੀਦੀ ਹਫਤੇ ਤੋਂ ਪਹਿਲਾਂ ਸੰਗਤਾਂ ਦੀ ਸਹੂਲਤ ਲਈ ਜਰੂਰ ਹੋਵੇਗਾ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਇਤਿਹਾਸਕ ਧਾਰਮਿਕ ਸਥਾਨਾਂ ਨੂੰ ਆਪ ਮੂਹਰੇ ਹੋ ਕੇ ਸੁੰਦਰੀਕਰਨ ਬਣਾਉਣ ਦਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਕਰਾਉਣਾ ਚਾਹੀਦਾ ਹੈ , ਜਿਸ ਨੂੰ ਆਪ ਹੀ ਸੰਗਤਾਂ ਨੇ ਪੂਰਾ ਕਰ ਦੇਣਾ ਹੈ ਸਿਰਫ ਲੋੜ ਹੈ ਅਗਵਾਈ ਕਰਨ ਦੀ । ਇਸ ਇਤਿਹਾਸਕ ਨਗਰ ਨੂੰ ਜੋੜਦੀਆਂ ਸਾਰੀਆਂ ਸੜਕਾਂ ਨੂੰ ਪਹਿਲ ਦੇ ਆਧਾਰ ਉੱਪਰ ਸਾਫ ਸੁੱਥਰਾ ਅਤੇ ਆਲਾ ਦੁਆਲਾ ਸੁੰਦਰੀਕਰਨ ਰੱਖਣ ਲਈ ਗੁਰਦੁਆਰਾ ਕਮੇਟੀ ਨੂੰ ਸਰਕਾਰ ਕੋਲ ਮੁੱਦਾ ਉਠਾਉਣਾ ਚਾਹੀਦਾ ਹੈ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਵੀ ਇੱਧਰ ਧਿਆਨ ਦੇਣਾ ਚਾਹੀਦਾ ਹੈ । ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਖੁਦ ਸੜਕਾਂ ਦਾ ਮੁਆਇਨਾ ਸਮੇਂ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ ਮੌਕੇ ਤੇ ਹੀ ਖਰਾਬ ਸੜਕਾਂ ਠੀਕ ਕਰਨ ਦੀ ਅਧਿਕਾਰੀਆਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਤਾਂ ਕਿ ਇਸ ਪਵਿੱਤਰ ਸ਼ਹਿਰ ਦੀ ਦਿੱਖ ਬਾਹਰਲੀ ਸੰਗਤ ਸਾਹਮਣੇ ਸਾਰਾ ਸਾਲ ਚੰਗੀ ਬਣੀ ਰਹੇ । ।ਅਗਲੇ ਸਾਲ ਆਸ ਹੈ ਕਿ ਸਰਕਾਰ ਮੌਕੇ ਤੇ ਕਰਨ ਵਾਲੇ ਕੰਮਾਂ ਨੂੰ ਛੱਡ ਬਾਕੀ ਸਾਰੇ ਕੰਮ , ਸਹੂਲਤਾਂ ਸਾਰਾ ਸਾਲ ਬਰਕਰਾਰ ਅਤੇ ਮੁਕੰਮਲ ਰੂਪ ਵਿੱਚ ਸੰਗਤਾਂ ਨੂੰ ਪ੍ਰਦਾਨ ਕਰਵਾਏਗੀ ।ਇਹੋ ਹੀ ਛੋਟੀ ਉਮਰੇ ਸ਼ਹੀਦੀ ਦੇਣ ਵਾਲੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸੱਚੀ ਸਰਧਾਂਜਲੀ ਹੋਵੇਗੀ ।
……….ਮੇਜਰ ਸਿੰਘ ਨਾਭਾ ਮੋ.9463553962
