ਸੜਕੀ ਹਦਾਸੇ ਰੋਕਣ ਲਈ ਟਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਇੱਕ ਮਿਸ਼ਨ ਵਾਂਗ ਕਰੋ : ਟੈ੍ਰਫਿਕ ਇੰਚਾਰਜ ਵਕੀਲ ਸਿੰਘ
ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵਾ ਦੇ ਖੇਤਰ ’ਚ ਹਮੇਸ਼ਾ ਸ਼ਾਨਦਾਰ ਕਾਰਜ ਕਰਨ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਲਾਇਨਜ਼ ਕਲੱਬ ਦੇ ਸੀਨੀਅਰ ਆਗੂ ਰਜਨੀਸ਼ ਗਰੋਵਰ ਅਤੇ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਦੀ ਯੋਗ ਅਗਵਾਈ ਹੇਠ ਅੱਜ ਧੁੰਦ ਦੇ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਕੋਪ ਨੂੰ ਵੇਖਦਿਆਂ ਵੱਖ-ਵੱਖ 512 ਵਹੀਕਲ੍ਹਾਂ ਦੇ ਰਿਫ਼ਲੈੱਕਟਰ ਲਗਾਏ ਗਏ। ਇਸ ਨੇਕ ਕਾਰਜ ’ਚ ਲਾਇਨਜ਼ ਕਲੱਬ ਫ਼ਰੀਦਕੋਟ ਦਾ ਟਰੈਫ਼ਿਕ ਪੁਲਿਸ ਫ਼ਰੀਦਕੋਟ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ। ਰਿਫ਼ਲੈੱਕਟਰ ਲਗਾਉਣ ਦੀ ਮੁਹਿੰਮ ਦਾ ਆਗਾਜ਼ ਟਰੈਫ਼ਿਕ ਇੰਚਾਰਜ਼ ਵਕੀਲ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਧੁੰਦ ਦੇ ਦਿਨਾਂ ’ਚ ਸਭ ਤੋਂ ਪਹਿਲਾਂ ਸਾਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਇੱਕ ਮਿਸ਼ਨ ਵਾਂਗ, ਦੇਸ਼ ਦੇ ਹਰ ਨਾਗਰਿਕ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਸਾਨੂੰ ਆਪਣੇ ਹਰ ਵਹੀਕਲ ਦੀਆਂ ਅਗਲੀਆਂ-ਪਿਛਲੀਆਂ ਲਾਈਟਾਂ ਯਕੀਨੀ ਰੂਪ ’ਚ ਠੀਕ ਰੱਖਣ ਤੋਂ ਬਾਅਦ ਸੜਕ ਤੇ ਪ੍ਰਵੇਸ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਆਪਣੀ ਸਪੀਡ ਤੇ ਪੂਰੀ ਤਰ੍ਹਾਂ ਕੰਟਰੋਲਰ ਰੱਖਣਾ ਚਾਹੀਦਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਦੱਸਿਆ ਕਿ ਅੱਜ ਪਹਿਲੇ ਪੜਾਅ ’ਚ 512 ਵਹੀਕਲ੍ਹਾਂ ਤੇ ਰਿਫ਼ਲੈੱਕਟਰ ਲਗਾਏ ਜਾ ਰਹੇ ਹਨ। ਆਉਂਦੇ ਦਿਨਾਂ ਚ ਇਹ ਮੁਹਿੰਮ ਜਾਰੀ ਰਹੇਗੀ। ਕਲੱਬ ਦੇ ਸਕੱਤਰ ਬਿਕਮਜੀਤ ਸਿੰਘ ਢਿੱਲੋਂ, ਕੈਸ਼ੀਅਰ ਚੰਦਨ ਕੱਕੜ ਪੈਰੀ ਨੇ ਕਿਹਾ ਕਲੱਬ ਕਈ ਸਾਲਾਂ ਤੋਂ ਰਿਫ਼ਲੈੱਕਟਰ ਲਾਉਣ ਅਤੇ ਸਕੂਲੀ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਵਾਸਤੇ ਸੈਮੀਨਾਰ ਕਰਵਾਉਂਦਾ ਹੈ। ਇਸ ਮੌਕੇ ਸੀਨੀਅਰ ਲਾਇਨ ਲੀਡਰ ਰਜਨੀਸ਼ ਗਰੋਵਰ ਨੇ ਕਿਹਾ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ। ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਧੁੰਦ ਡਿੱਗਣ ਤੋਂ ਪਹਿਲਾਂ-ਪਹਿਲਾਂ ਆਪਣਾ ਸਫ਼ਰ ਮੁਕਾ ਲੈਣਾ ਚਾਹੀਦਾ ਹੈ। ਜੇਕਰ ਕਿਸੇ ਮਜ਼ਬੂਰੀ ’ਚ ਸਫ਼ਰ ਜ਼ਰੂਰੀ ਤਾਂ ਸਾਨੂੰ ਹਰ ਪ੍ਰਕਾਰ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਲਾਇਨ ਲੀਡਰ ਐਡਵੋਕੇਟ ਲਲਿਤ ਮੋਹਨ ਗੁਪਤਾ, ਪ੍ਰੋਜੈਕਟ ਚੇਅਰਮੈਨ ਨਵਦੀਪ ਸਿੰਘ ਮੰਘੇੜਾ, ਲੈਕਚਰਾਰ ਹਰਜੀਤ ਸਿੰਘ, ਗੁਰਚਰਨ ਸਿੰਘ ਗਿੱਲ, ਭੁਪਿੰਦਰਪਾਲ ਸਿੰਘ, ਮਦਨ ਮੁਖੀਜਾ, ਗੁਰਮੀਤ ਸਿੰਘ ਬਰਾੜ, ਕੇ.ਪੀ.ਸਿੰਘ ਸਰਾਂ, ਇੰਜ. ਬਲਤੇਜ ਸਿੰਘ ਤੇਜੀ ਜੌੜਾ, ਗੁਰਮੀਤ ਸਿੰਘ ਕੈਂਥ, ਐਡਵੋਕੇਟ ਸੁਨੀਲ ਚਾਵਲਾ, ਰਾਜਨ ਨਾਗਪਾਲ, ਮਿਸਟਰ ਧੀਂਗੜਾ ਦੇ ਨਾਲ-ਨਾਲ ਟਰੈਫ਼ਿਕ ਪੁਲਿਸ ਦੇ ਕਰਮਚਾਰੀਆਂ ਨੇ ਰਿਫ਼ਲੈੱਕਟਰ ਲਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ। ਅੰਤ ’ਚ ਪ੍ਰੋਜੈਕਟ ਚੇਅਰਮੈਨ ਨਵਦੀਪ ਸਿੰਘ ਮੰਘੇੜਾ ਨੇ ਸਭ ਦਾ ਧੰਨਵਾਦ ਕੀਤਾ।
