ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਕਰਨਗੇ ਵਿਸ਼ੇਸ਼ ਤੌਰ ’ਤੇ ਸ਼ਿਰਕਤ
ਕੋਟਕਪੂਰਾ, 25 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਲਾ ਦੇ ਖੇਤਰ ਵਿੱਚ ਮਾਲਵੇ ਦੀ ਨਾਮਵਰ ਸੰਸਥਾ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ, ਫ਼ਰੀਦਕੋਟ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਕਲਾਕਾਰਾਂ ਨਾਲ ਕਲਾ ਸਬੰਧੀ ਸੰਵਾਦ ਰਚਾਉਣ ਲਈ ਇੱਕ ਵਿਸ਼ੇਸ਼ ਸਮਾਗਮ ‘ਵਿਚਾਰ-ਵਟਾਂਦਰਾ’ ਮਿਤੀ 27 ਅਪ੍ਰੈਲ 2025 ਦਿਨ ਐਤਵਾਰ ਨੂੰ ਬੀ.ਪੀ.ਈ.ਓ. ਦਫ਼ਤਰ ਹਾਲ ਕੋਟਕਪੂਰਾ ਵਿਖੇ ਸਵੇਰੇ 10:00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਰਟ ਸੁਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਇਲਾਕੇ ਦੇ ਚਿੱਤਰਕਾਰਾਂ ਨਾਲ ਚਿਤਰ-ਕਲਾ ਨੂੰ ਹੋਰ ਵਧੇਰੇ ਪ੍ਰਫ਼ੁੱਲਤ ਕਰਨ ਲਈ ਵਿਚਾਰ-ਚਰਚਾ ਕਰਨਗੇ। ਇਸ ਤੋਂ ਇਲਾਵਾ ਮੀਤ ਪ੍ਰਧਾਨ ਸੁਮੀਤ ਦੂਆ ਅਤੇ ਸਕੱਤਰ ਡਾ. ਜਸਪਾਲ ਕਮਾਣਾ ਵੀ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਗੁਰਦੀਪ ਧੀਮਾਨ ਪੰਜਾਬ ਲਲਿਤ ਅਕਾਦਮੀ ਦੁਆਰਾ ਕਲਾ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦੇਣ, ਕਲਾ ਦੇ ਜ਼ਿੰਦਗੀ ਵਿੱਚ ਮਹੱਤਵ ਅਤੇ ਆਪਣੇ ਗਿਆਨ ਅਤੇ ਤਜ਼ਰਬੇ ਨੂੰ ਵੀ ਇਲਾਕੇ ਦੇ ਕਲਾਕਾਰਾਂ ਅਤੇ ਸਰੋਤਿਆਂ ਨਾਲ ਸਾਂਝੇ ਕਰਨਗੇ। ਇਸ ਮੌਕੇ ਸੁਸਾਇਟੀ ਅਤੇ ਕਲਾ ਅਕਾਦਮੀ ਵਲੋਂ ਸਾਂਝੇ ਉਪਰਾਲਿਆਂ ਨਾਲ ਨੇੜਲੇ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਵੀ ਉਲੀਕੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਪਹਿਲੀਵਾਰ ਹੈ ਕਿ ਪੰਜਾਬ ਲਲਿਤ ਕਲਾ ਅਕਾਦਮੀ ਆਪਣੇ ਪੱਧਰ ’ਤੇ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਸਾਂਝੇ ਪ੍ਰੋਗਰਾਮ ਉਲੀਕ ਰਹੀ ਹੈ। ਸੰਸਥਾ ਦੇ ਜਨਰਲ ਸਕੱਤਰ ਡਿਪਟੀ ਸਿੰਘ ਨੇ ਇਲਾਕੇ ਦੇ ਸਮੂਹ ਚਿੱਤਰਕਾਰਾਂ, ਬੁੱਤ-ਤਰਾਸ਼ਾਂ ਅਤੇ ਹੋਰ ਸ਼ਿਲਪੀ ਅਤੇ ਹੁਨਰੀ ਕਲਾਕਾਰਾਂ ਨੂੰ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਬ ਨਾਥ, ਸੁਖਦੇਵ ਦੁਸਾਂਝ, ਹਰਵਿੰਦਰ ਕੌਰ, ਬਲਜੀਤ ਗਰੋਵਰ, ਵੀਰਪਾਲ ਕੌਰ, ਸਤਵੀਰ ਕੌਰ, ਪਰਮਿੰਦਰ ਟੋਨੀ, ਇਕਬਾਲ ਕਲਸੀ, ਸੱਤਪਾਲ ਕੌਰ, ਅਨੂਬਾਲਾ, ਜਸਪ੍ਰੀਤ ਕੌਰ, ਜਪਨੀਤ ਕੌਰ ਆਦਿ ਆਰਟਿਸਟ ਹਾਜ਼ਰ ਸਨ।