ਪ੍ਰੀਤ ਭਗਵਾਨ ਜ਼ਿਲ੍ਹਾ ਅਤੇ ਇਕਬਾਲ ਕਲਸੀ ਸਬ-ਕੋਆਰਡੀਨੇਟਰ ਨਿਯੁਕਤ
ਕੋਟਕਪੂਰਾ, 30 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਆਰਟ ਕੌਂਸਲ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਤ ਬਾਬਾ ਫ਼ਰੀਦ ਆਰਟ ਸੋਸਾਇਟੀ ਵੱਲੋਂ ਮਾਲਵੇ ਖ਼ਾਸ ਕਰਕੇ ਫ਼ਰੀਦਕੋਟ ਦੇ ਕਲਾਕਾਰਾਂ ਨਾਲ ਕਲਾ ਸਬੰਧੀ ਸੰਵਾਦ ਰਚਾਉਣ ਲਈ ਇੱਕ ਵਿਸ਼ੇਸ਼ ਸਮਾਗਮ ‘ਵਿਚਾਰ-ਵਟਾਂਦਰਾ’ ਕੋਟਕਪੂਰਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਰਟ ਸੁਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਥਾਨਕ ਬੀ.ਪੀ.ਈ.ਓ. ਦਫ਼ਤਰ ਹਾਲ ਵਿਖੇ ਕਰਵਾਏ ਗਏ ਇਸ ਸਫ਼ਲ ਸਮਾਗਮ ਦੌਰਾਨ ਮੰਚ-ਸੰਚਾਲਨ ਦੀ ਭੂਮਿਕਾ ਪੰਜਾਬੀ ਸ਼ਾਇਰ ਕੁਲਵਿੰਦਰ ਵਿਰਕ ਨੇ ਨਿਭਾਈ। ਸੋਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਸਭ ਮਹਿਮਾਨਾ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਆਰਟ ਸੋਸਾਇਟੀ ਦੁਆਰਾ ਕਲਾ ਨੂੰ ਪ੍ਰਫ਼ੁੱਲਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਪੇਂਟਿੰਗ ਵਰਗੀ ਸੂਖ਼ਮ ਕਲਾ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰਸਿੱਧ ਸਮਾਜਸੇਵੀ ਪੱਤਰਕਾਰ ਅਤੇ ਸ਼ਬਦ ਸਾਂਝ ਮੰਚ ਦੇ ਸਰਪ੍ਰਸਤ ਗੁਰਿੰਦਰ ਸਿੰਘ ਕੋਟਕਪੂਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਤ ਬਾਬਾ ਫਰੀਦ ਆਰਟ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਗੁਰਦੀਪ ਧੀਮਾਨ ਨੇ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਨੇ ਕਲਾ ਨੂੰ ਪ੍ਰਫ਼ੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਕਲਾ ਦੇ ਜ਼ਿੰਦਗੀ ਵਿੱਚ ਮਹੱਤਵ, ਆਪਣੇ ਗਿਆਨ ਅਤੇ ਤਜ਼ਰਬੇ ਨੂੰ ਵੀ ਇਲਾਕੇ ਦੇ ਕਲਾਕਾਰਾਂ ਅਤੇ ਸਰੋਤਿਆਂ ਨਾਲ ਸਾਂਝਾ ਕੀਤਾ। ਇਸ ਮੌਕੇ ਇਲਾਕੇ ਦੇ ਕਲਾਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਨੂੰ ਉਹਨਾਂ ਨੇ ਧਿਆਨ ਨਾਲ ਸੁਣਿਆ ਅਤੇ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨਾਂ ਨੇ ਪੰਜਾਬ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਦੁਆਰਾ ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੂੰ ਆਰਟ ਨੂੰ ਹੋਰ ਪ੍ਰਫ਼ੁੱਲਤ ਕਰਨ ਦੇ ਮਕਸਦ ਤਹਿਤ ਫ਼ਰੀਦਕੋਟ ਜ਼ਿਲ੍ਹੇ ਦਾ ਕੋਆਰਡੀਨੇਟਰ ਅਤੇ ਇਕਬਾਲ ਕਲਸੀ ਨੂੰ ਸਬ-ਕੋਆਰਡੀਨੇਟਰ ਨਿਯੁਕਤ ਕੀਤਾ। ਸਮੂਹ ਹਾਜ਼ਰੀਨ ਵਲੋਂ ਇਹਨਾਂ ਦੋਵਾਂ ਕਲਾਕਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਚਿੱਤਰਕਾਰਾਂ, ਬੁੱਤ-ਤਰਾਸ਼ਾਂ ਅਤੇ ਹੋਰ ਸੂਖ਼ਮ ਕਲਾਵਾਂ ਨਾਲ ਜੁੜੇ ਕਲਾਕਾਰਾਂ ਵੱਲੋਂ ਵੱਖ-ਵੱਖ ਸਵਾਲ ਕੀਤੇ ਗਏ, ਜਿੰਨ੍ਹਾਂ ਦੇ ਜਵਾਬ ਗੁਰਦੀਪ ਧੀਮਾਨ ਨੇ ਬੜੇ ਹੀ ਸਹਿਜ ਅਤੇ ਵਿਸਥਾਰਪੂਰਵਕ ਦਿੱਤੇ। ਸਾਰੇ ਆਰਟਿਸਟਾਂ ਨੇ ਸਮੂਹਿਕ ਰੂਪ ਵਿੱਚ ਸਕੂਲਾਂ ਵਿੱਚੋਂ ਖ਼ਤਮ ਹੋ ਰਹੀਆਂ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀਆਂ ਪੋਸਟਾਂ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਇਸ ਤੋਂ ਇਲਾਵਾ ਫ਼ਰੀਦਕੋਟ ਦੇ ਸੱਭਿਆਚਾਰਕ ਕੇਂਦਰ ਵਿੱਚ ਜ਼ਿਲ੍ਹਾ-ਪ੍ਰਸ਼ਾਸਨ ਅੱਗੇ ਇਲਾਕੇ ਦੇ ਆਰਟਿਸਟਾਂ ਲਈ ਇੱਕ ਆਰਟ ਗੈਲਰੀ ਦਾ ਪ੍ਰਬੰਧ ਕਰਨ ਦੀ ਮੰਗ ਰੱਖੀ ਗਈ, ਜਿੱਥੇ ਇਲਾਕੇ ਦੇ ਕਲਾਕਾਰ ਬੈਠ ਕੇ ਆਪਣੀਆਂ ਕਲਾਕ੍ਰਿਤਾਂ ਬਣਾ ਅਤੇ ਪ੍ਰਦਰਸ਼ਨ ਕਰ ਸਕਣ। ਸਮੂਹ ਕਲਾ-ਅਧਿਆਪਕਾਂ ਨੇ ਪੰਜਵੀਂ ਜਮਾਤ ਤੱਕ ਚਿਤਰ ਕਲਾ ਸਬੰਧੀ ਇੱਕ ਕਿਤਾਬ ਵੀ ਸਿਲੇਬਸ ਵਿੱਚ ਲਵਾਉਣ ਦੀ ਮੰਗ ਰੱਖੀ ਤਾਂ ਜੋ ਬੱਚੇ ਛੋਟੀ ਉਮਰ ਤੋਂ ਹੀ ਚਿੱਤਰ ਕਲਾ ਵਰਗੀ ਸੂਖ਼ਮ ਵੰਨਗੀ ਨਾਲ ਜੁੜ ਸਕਣ। ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਚਿੱਤਰਕਾਰ ਬਾਜ ਸਿੰਘ ਮਲੋਟ, ਸਤਨਾਮ ਸਿੰਘ ਮੋਗਾ, ਅਵਤੰਸ਼ ਸਿੰਘ, ਸਾਹਿਬ ਸਿੰਘ, ਡਿਪਟੀ ਸਿੰਘ, ਸ਼ਿੰਦਰਪਾਲ ਸਿੰਘ, ਰਾਜਿੰਦਰ ਸਿੰਘ ਭਾਗੀਕੇ, ਪਰਮਿੰਦਰ ਟੋਨੀ, ਦਵਿੰਦਰ ਸਿੰਘ, ਮਨਤਾਜ ਸਿੰਘ, ਵਿਜੇ ਕੁਮਾਰ, ਮਨਦੀਪ ਕੈਂਥ, ਰਜਿੰਦਰ ਡਿੰਪਾ, ਰਾਜਕੁਮਾਰੀ ਅਸ਼ਕਪ੍ਰੀਤ ਕੌਰ, ਕੁਲਦੀਪ ਸਿੰਘ, ਕੁਲਦੀਪ ਮਾਣੂਕੇ, ਗੁਰਬਚਨ ਭੁੱਲਰ, ਸਾਹਿਬ ਸਿੰਘ, ਦੇਬਨਾਥ, ਸੁਖਦੇਵ ਦੁਸਾਂਝ, ਹਰਵਿੰਦਰ ਕੌਰ, ਬਲਜੀਤ ਗਰੋਵਰ, ਸਤਵੀਰ ਕੌਰ, ਇਕਬਾਲ ਕਲਸੀ, ਸੱਤਪਾਲ ਕੌਰ, ਅਨੂਬਾਲਾ, ਜਸਪ੍ਰੀਤ ਕੌਰ, ਜਪਨੀਤ ਕੌਰ, ਗੁਰਵੀਰ ਸਿੰਘ ਆਦਿ ਆਰਟਿਸਟਾਂ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਵਿਚਾਰ-ਵਟਾਂਦਰੇ ਵਿੱਚ ਭਾਗ ਲਿਆ।