ਹੁਸ਼ਿਆਰਪੁਰ 28 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਨੇ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਦੇ ਤੀਸਰੇ ਕਾਵਿ ਸੰਗ੍ਰਹਿ ਦੀ ਈ ਬੁੱਕ “ਸੱਚ ਵਾਂਗ ਕੱਚ” ਨੂੰ ਆਪਣੇ ਸ਼ੁੱਭ ਕਰਕਮਲਾਂ ਨਾਲ ਡੇਰਾ ਧੰਨ ਧੰਨ ਬਾਬਾ ਬਸਾਉ ਜੀ ਈਸਪੁਰ (ਹੁਸ਼ਿਆਰਪੁਰ) ਵਿਖੇ ਰਿਲੀਜ਼ ਕੀਤਾ। ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਨੇ ਕਿਹਾ ਕਿ ਲੇਖਕ ਮਹਿੰਦਰ ਸੂਦ ਵਿਰਕ ਨੇ ਆਪਣੀ ਇਹ ਈ ਬੁੱਕ ਆਪਣੇ ਸਵ.ਪਿਤਾ ਸ੍ਰੀ ਗੁਲਜ਼ਾਰ ਚੰਦ ਸੂਦ ਜੀ ਦੀ ਯਾਦ ਵਿੱਚ ਸਮਰਪਿਤ ਕੀਤੀ ਹੈ। ਇਸ ਮੌਕੇ ਗੋਲਡ ਮੈਡਲਿਸਟ ਜ਼ਨਾਬ ਸਤਪਾਲ ਸਾਹਲੋਂ ਜੀ ਵੀ ਉਚੇਚੇ ਤੌਰ ਤੇ ਸੂਦ ਵਿਰਕ ਜੀ ਨੂੰ ਮੁਬਾਰਕਬਾਦ ਦੇਣ ਪੁੱਜੇ। ਸਾਹਲੋਂ ਸਾਹਿਬ ਨੇ ਦੱਸਿਆ ਕਿ ਮਹਿੰਦਰ ਸੂਦ ਵਿਰਕ ਇਕ ਉਭਰਦਾ ਨਾਮਵਰ ਨੌਜਵਾਨ ਸ਼ਾਇਰ ਹੈ ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਸਖ਼ਤ ਮਿਹਨਤ ਕਰਕੇ ਅਨੇਕਾਂ ਕਾਵਿ ਰਚਨਾਂਵਾਂ ਨੂੰ ਜਨਮ ਦਿੱਤਾ ਅਤੇ ਡਿਜ਼ੀਟਲ ਕ੍ਰਾਂਤੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਨੂੰ ਪੰਜਾਬੀ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਇਆ।ਇਸ ਨੇ ਆਪਣੀਆਂ ਕਾਵਿ ਰਚਨਾਂਵਾਂ ਵਿੱਚ ਆਪਣੇ ਖਿਆਲਾਂ ਨੂੰ ਭਾਰੂ ਕਰਦੇ ਹੋਏ ਕਿਸੇ ਵੀ ਬੰਦਿਸ਼ ਤੋਂ ਦੂਰ ਰਹਿਣ ਨੂੰ ਤਰਜ਼ੀਹ ਦਿੱਤੀ ਹੈ।ਇਸ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਦੋ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ “ਸੱਚ ਦਾ ਹੋਕਾ” ਅਤੇ “ਸੱਚ ਕੌੜਾ ਆ” ਪਾਠਕਾਂ ਦੀ ਝੋਲੀ ਵਿੱਚ ਪਾ ਕੇ ਆਪਣਾ ਨਾਮ ਸਥਾਪਤ ਕਵੀਆਂ ਦੀ ਕਤਾਰ ਵਿੱਚ ਲੈ ਕੇ ਆਂਦਾ ਹੈ।ਪਿਤਾ ਦੀ ਮੌਤ ਤੋਂ ਬਾਅਦ ਲਿੱਖਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਚਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੇ ਪ੍ਰਵਾਹ ਕੀਤੇ ਬਿਨਾਂ ਪੂਰੀ ਸਪੀਡ ਨਾਲ ਲਿੱਖਣ ਦੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਇਨ੍ਹਾਂ ਦੋ ਈ ਬੁੱਕਾਂ ਨੇ ਪਾਠਕਾਂ ਦਾ ਅਥਾਹ ਪਿਆਰ ਇਸਦੀ ਝੋਲੀ ਵਿੱਚ ਪਾਇਆ। ਮਹਿੰਦਰ ਸੂਦ ਤੋਂ ਮਹਿੰਦਰ ਸੂਦ ਵਿਰਕ ਬਣੇ ਇਸ ਨੌਜ਼ਵਾਨ ਸ਼ਾਇਰ ਨੂੰ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਦਾ ਬੱਲ ਮਿਲਿਆ।ਇਸ ਦਾ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ “ਸੱਚ ਵਾਂਗ ਕੱਚ” ਨੂੰ ਖੁਸ਼ ਆਮਦੀਦ ਕਹਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪਾਠਕ ਇਸ ਨੂੰ ਪਹਿਲਾਂ ਵਰਗਾ ਹੀ ਪਿਆਰ ਦੇਣਗੇ ਅਤੇ ਇਸ ਦੀ ਕਲਮ ਨੂੰ ਹੋਰ ਬਲ ਬਖਸ਼ਣਗੇ।
ਲੇਖਕ ਮਹਿੰਦਰ ਸੂਦ ਵਿਰਕ ਨੇ ਸੰਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਮੈਂ ਲਗਾਤਾਰ ਲਿੱਖਦਾ ਆ ਰਿਹਾਂ ਹਾਂ। ਸੂਦ ਵਿਰਕ ਨੇ ਦੱਸਿਆ ਕਿ ਸਰੋਤਿਆਂ ਦਾ ਪਿਆਰ ਹੀ ਸ਼ਾਇਰ ਦੀ ਅਸਲ ਪੂੰਜੀ ਹੁੰਦਾ ਹੈ।ਅੱਗੇ ਉਹਨਾਂ ਜ਼ਨਾਬ ਸਤਪਾਲ ਸਾਹਲੋਂ ਜੀ, ਸ਼੍ਰੀ ਰਾਜੇਸ਼ ਕੁਮਾਰ ਮਦਾਰਾ ਸਰਪੰਚ ਪਿੰਡ ਸਰਮਸਤਪੁਰ, ਪਾਲ ਜਲੰਧਰੀ ਸੰਪਾਦਕ ਸਬਦਾਂ ਦਾ ਸ਼ਹਿਰ ਮੈਗਜ਼ੀਨ ਅਤੇ ਕਲੇਰ ਸਾਬ ਸੰਪਾਦਕ ਕਲਮ ਦੀ ਤਾਕਤ ਨਿਊਜ਼ ਦਾ ਈ ਬੁੱਕ ਰਿਲੀਜ਼ ਮੌਕੇ ਪੁੱਜਣ ਤੇ ਵਿਸ਼ੇਸ ਧੰਨਵਾਦ ਕੀਤਾ।ਸੂਦ ਵਿਰਕ ਨੇ ਕਿਹਾ ਕਿ ਮੇਰੇ ਇਸ ਤੀਸਰੇ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਦੀ ਸੰਪਾਦਿਕਾ ਕੁਮਾਰੀ ਅਮਨਦੀਪ ਬੱਧਣ ਜੀ ਹਨ ਅਤੇ ਅਮਨਦੀਪ ਦੀ ਮਿਹਨਤ ਸਦਕਾ ਹੀ ਇਹ ਤੀਸਰਾ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਕਰ ਪਾਇਆ ਹਾਂ। ਇਸ ਮਿਹਨਤ ਲਈ ਮੈਂ ਸੰਪਾਦਿਕਾ ਕੁਮਾਰੀ ਅਮਨਦੀਪ ਬੱਧਣ ਜੀ ਦਾ ਧੰਨਵਾਦ ਕਰਦਾ ਹਾਂ। ਸੂਦ ਵਿਰਕ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਇਸ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਨੂੰ ਵੀ ਮੇਰੀਆਂ ਪਹਿਲੀਆਂ ਦੋ ਈ ਬੁੱਕ “ਸੱਚ ਦਾ ਹੋਕਾ” ਅਤੇ “ਸੱਚ ਕੌੜਾ ਆ” ਵਰਗਾ ਹੀ ਪਾਠਕ ਭਰਪੂਰ ਪਿਆਰ ਅਤੇ ਸਤਿਕਾਰ ਬਖ਼ਸ਼ਣਗੇ।