ਨਸ਼ਿਆਂ ਨੂੰ ਜੜ ਤੋਂ ਖਾਤਮ ਕਰਨ ਲਈ ਪੰਜਾਬ ਸਰਕਾਰ ਦ੍ਰਿੜ : ਸਪੀਕਰ ਸੰਧਵਾਂ

ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਨਾਟਕ ਵੀ ਖੇਡਿਆ ਗਿਆ
ਕੋਟਕਪੂਰਾ, 7 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚੋਂ ਨਸ਼ੇ ਦਾ ਸਮੂਲ ਨਾਸ਼ ਕਰਨ ਲਈ ਦ੍ਰਿੜ ਸੰਕਲਪਿਤ ਹੈ। ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਮੁਤਾਬਿਕ, ਫਰੀਦਕੋਟ ਪੁਲਿਸ ਵੱਲੋਂ ਜਿਲ੍ਹਾ ਫਰੀਦਕੋਟ ਵਿੱਚ ਸ਼ੁਰੂ ਕੀਤੇ ਪ੍ਰੋਜੈਕਟ ਤਹਿਤ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਆਖੀ। ਇਸ ਪ੍ਰੋਜੈਕਟ ਸੰਪਰਕ ਦਾ ਮੁੱਖ ਉਦੇਸ਼ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਹਿਯੋਗ ਅਤੇ ਭਰੋਸੇ ਨੂੰ ਵਧਾਉਣਾ ਹੈ। ਇਸੇ ਤਹਿਤ ਅੱਜ ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਕੋਟਕਪੂਰਾ ਦੇ ਸੰਗਮ ਪੈਲੇਸ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿੱਚ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਨਾਟਕ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ: ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਦੇ ਪੱਧਰ ’ਤੇ ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਮੁਹਿੰਮ ਆਰੰਭੀ ਗਈ ਹੈ, ਇਸ ਮੁਹਿੰਮ ਵਿਚ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਨਸ਼ਿਆ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ। ਫਰੀਦਕੋਟ ਦੇ ਡੀ.ਆਈ.ਜੀ ਸ਼੍ਰੀ ਅਸ਼ਵਨੀ ਕਪੂਰ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾੜੇ ਅਨਸਰਾਂ ਨਾਲ ਪੇਸ਼ੇਵਰਾਨਾ ਤਰੀਕੇ ਨਾਲ ਨਜਿੱਠਿਆਂ ਜਾ ਰਿਹਾ ਹੈ ਅਤੇ ਨਸ਼ੇ ਦੀ ਤਸਕਰੀ ਵਿਚ ਸ਼ਾਮਿਲ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਮਾਗਮ ਵਿਚ ਗ੍ਰਾਮ ਰੱਖਿਆ ਕਮੇਟੀਆਂ (ਵੀਡੀਸੀ) ਦੇ ਮੈਂਬਰਾਂ, ਸਮਾਜਿਕ ਆਗੂਆਂ, ਅਤੇ ਆਮ ਲੋਕਾਂ ਦੀ ਵੱਡੀ ਹਾਜ਼ਰੀ ਦਰਜ ਕੀਤੀ ਗਈ। ਐਸ.ਐਸ.ਪੀ ਫਰੀਦਕੋਟ ਡਾ: ਪ੍ਰਗਿਆ ਜੈਨ ਵੱਲੋ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪ੍ਰੋਜੈਕਟ ਸੰਪਰਕ ਸਿਰਫ਼ ਨਸ਼ਿਆਂ ਦੇ ਖਾਤਮੇ ਲਈ ਹੀ ਨਹੀਂ ਸਗੋਂ ਸੰਗਠਿਤ ਅਪਰਾਧ, ਸਟਰੀਟ ਕ੍ਰਾਈਮ ਅਤੇ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ਼ ਇੱਕ ਸਥਾਈ ਯੁੱਧ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਲੋਕ ਪੁਲਿਸ ਦੇ ਨਾਲ ਮਿਲ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਐਸ.ਐਸ.ਪੀ ਡਾ. ਜੈਨ ਨੇ ਸਪਸ਼ਟ ਕੀਤਾ ਕਿ ਨਸ਼ੇ ਦੇ ਧੰਦੇ ਨੂੰ ਰੋਕਣ ਲਈ ਪੁਲਿਸ ਵੱਲੋਂ ਹਰ ਸੰਭਵ ਕੋਸਿਸ਼ ਕੀਤੀ ਜਾ ਰਹੀ ਹੈ ਪਰ ਸਿਰਫ ਪੁਲਿਸ ਵੱਲੋਂ ਹੀ ਕੋਸ਼ਿਸ਼ ਕਰਨਾ ਕਾਫ਼ੀ ਨਹੀਂ ਹੈਸ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਨੇ ਸਮਾਜਿਕ ਆਗੂਆਂ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਅਜਿਹੇ ਤੱਤਾਂ ਨੂੰ ਰੋਕਿਆ ਜਾ ਸਕੇ। ਇਹ ਮੁਹਿੰਮ ਸਿਰਫ ਅਪਰਾਧਕ ਤੱਤਾਂ ਦੀ ਪਛਾਣ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਇੱਕ ਸੁਰੱਖਿਅਤ, ਸ਼ਾਂਤਮਈ ਅਤੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵੱਲ ਪ੍ਰੇਰਿਤ ਹੈ। ਪ੍ਰੋਜੈਕਟ ਸੰਪਰਕ ਤਹਿਤ ਹੁਣ ਤੱਕ ਫਰੀਦਕੋਟ ਪੁਲਿਸ ਵੱਲੋਂ 200 ਤੋਂ ਵੱਧ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ, ਜਿੰਨ੍ਹਾਂ ਨੇ ਲੋਕਾਂ ਨੂੰ ਨਵੀਂ ਉਮੀਦ ਅਤੇ ਪ੍ਰੇਰਣਾ ਦਿੱਤੀ ਹੈ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ, ਅਤੇ ਨਸ਼ਿਆਂ ਦੇ ਖ਼ਾਤਮੇ ਲਈ ਫਰੀਦਕੋਟ ਪੁਲਿਸ ਹਰ ਸੰਭਵ ਯਤਨ ਜਾਰੀ ਰੱਖੇਗੀ। ਜਿਕਰਯੋਗ ਹੈ ਕਿ ਇਹ ਇੱਕ ਜਾਗਰੂਕਤਾ ਮੁਹਿੰਮ ਹੈ, ਜੋ ਨਸ਼ਿਆਂ ਅਤੇ ਅਪਰਾਧਾਂ ਖਿਲਾਫ਼ ਇੱਕ ਢਾਲ ਦਾ ਕੰਮ ਕਰੇਗੀ ਐਸ.ਐਸ.ਪੀ ਨੇ ਇਸ ਮੌਕੇ ਸਭ ਨੂੰ ਅਪੀਲ ਹੈ ਕਿ ਆਓ ਸਾਰੇ ਇਕਜੁੱਟ ਹੋਈਏ ਅਤੇ ਨਸਿ਼ਆਂ ਅਤੇ ਅਪਰਾਧ ਦੇ ਖਿਲਾਫ਼ ਜੰਗ ਨੂੰ ਜਿੱਤ ਕੇ ਦਿਖਾਈਏ।
