ਅਖ਼ਬਾਰ ਦੇ ਮੁੱਖ ਸੰਪਾਦਕ ਨੂੰ ਦਿੱਤੀ ਫੋਨ ਤੇ ਧਮਕੀ
ਡੀ ਐੱਸ ਪੀ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਇਸਨੂੰ ਪੰਜਾਬ ਸਰਕਾਰ ਦੀ ਨਲਾਇਕੀ ਕਹੀਏ ਜਾਂ ਤਜ਼ਰਬੇ ਦੀ ਘਾਟ ਕਿ ਪੰਜਾਬ ਦੀ ਜਿਆਦਾਤਰ ਅਫ਼ਸਰਸ਼ਾਹੀ ਨਾ ਸਿਰਫ਼ ਗੈਰ ਕਾਨੂੰਨੀ ਧੰਦਿਆਂ ਚ ਲਿਪਤ ਹੀ ਹੋ ਚੁੱਕੀ ਹੈ ਬਲਕਿ ਲੋਕਤੰਤਰ ਦਾ ਚੌਥਾ ਸਤੰਭ ਕਹੇ ਜਾਣ ਵਾਲ਼ੇ ਮੀਡੀਆ ਨੂੰ ਵੀ ਧਮਕਾਉਣ ਤੇ ਉੱਤਰ ਆਈ ਹੈ। ਸਰਕਾਰ ਅਤੇ ਇਸਦੇ ਵਿਧਾਇਕ ਅਤੇ ਮੰਤਰੀ ਭਾਵੇਂ ਡੀਂਗਾ ਮਾਰਦੇ ਨਹੀਂ ਥੱਕਦੇ ਕਿ ਪੰਜਾਬ ਵਿੱਚ ਲਾਅ ਅਤੇ ਆਰਡਰ ਦੀ ਸਥਿਤੀ ਪੂਰੀ ਤਰਾਂ ਕੰਟਰੋਲ ਹੇਠ ਹੈ ਪਰ ਸਰਕਾਰ ਦੇ ਨੱਕ ਹੇਠ ਪੰਜਾਬ ਦੇ ਕਈ ਅਫ਼ਸਰਾਂ ਦੀ ਗੈਰ ਕਾਨੂੰਨੀ ਧੰਦਿਆਂ ਚ ਸ਼ਮੂਲੀਅਤ ਦੇ ਕਿੱਸੇ ਅਕਸਰ ਸਰਕਾਰ ਦਾ ਮੂੰਹ ਚਿੜਾਉਂਦੇ ਹੋਇ ਆਏ ਦਿਨ ਅਖ਼ਬਾਰਾਂ ਦੀ ਸੁਰਖੀ ਬਣਦੇ ਹਨ।
ਕੁੱਝ ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਸ਼ਹਿਰ ਵਿੱਚ ਦੜੇ ਸੱਟੇ, ਜੂਏ ਆਦਿ ਦਾ ਕਥਿਤ ਧੰਦਾ ਚੱਲਣਾ ਨਾ ਸਿਰਫ਼ ਇਸ ਪਵਿੱਤਰ ਸ਼ਹਿਰ ਦੀ ਬੇਅਦਬੀ ਹੈ ਬਲਕਿ ਇੱਥੋਂ ਦੇ ਪ੍ਰਸ਼ਾਸ਼ਨ ਲਈ ਵੀ ਬੇਹੱਦ ਸਰਮਨਾਕ ਹੈ। ਇਸ ਸਬੰਧੀ ਜਿਆਦਾ ਜਾਣਕਾਰੀ ਲੈਣ ਲਈ ਜਦੋਂ ਅਦਾਰਾ ਪੰਜਾਬ ਦਾ ਖੁਲਾਸਾ ਦੇ ਮੁੱਖ ਸੰਪਾਦਕ ਸ੍ਰੀ ਮਨਪ੍ਰੀਤ ਮੋਨੂੰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਅਦਾਰਾ ਪੰਜਾਬ ਦਾ ਖੁਲਾਸਾ ਨੇ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਵਿੱਚ ਇੱਥੋਂ ਦੇ ਕਈ ਇਲਾਕਿਆਂ ਜਿਵੇਂ ਗੋਨੇਆਣਾ ਰੋੜ, ਕੋਟਲੀ ਰੋੜ, ਦਾਣਾ ਮੰਡੀ, ਰੇਲਵੇ ਸਟੇਸ਼ਨ ਨੇੜੇ, ਬੂੜਾ ਗੁੱਜਰ ਰੋੜ ਅਤੇ ਹੋਰ ਕਈ ਥਾਵਾਂ ਤੇ ਲੰਮੇ ਸਮੇਂ ਤੋਂ ਸ਼ਰੇਆਮ ਚਲਦਾ ਸੱਟੇ ਦਾ ਧੰਦਾ ਸਮੇਤ ਇਸ ਗੈਰ ਕਾਨੂੰਨੀ ਧੰਦੇ ਚ ਸ਼ਾਮਿਲ ਖਾਈਵਾਲ ਲੋਕਾਂ ਦੇ ਨਾਮ ਤੱਕ ਨਸ਼ਰ ਕੀਤੇ ਸਨ। ਇਸ ਅਖਬਾਰ ਦੀ ਖ਼ਬਰ ਅਨੁਸਾਰ ਤਾਂ ਇੱਥੋਂ ਤੱਕ ਕਿਹਾ ਗਿਆ ਸੀ ਕਿ ਸ਼ਹਿਰ ਵਿੱਚ ਇਹ ਆਮ ਲੋਕਚਰਚਾ ਹੈ ਕਿ ਇਹ ਧੰਦਾ ਪੁਲਿਸ ਦੀ ਸ਼ਹਿ ਤੇ ਚੱਲ ਰਿਹਾ ਹੈ ਅਤੇ ਜੇਕਰ ਇਹ ਧੰਦਾ ਬੰਦ ਹੁੰਦਾ ਹੈ ਤਾਂ ਇੱਥੋਂ ਦੇ ਇੱਕ ਡੀ ਐੱਸ ਪੀ ਅਤੇ ਉਸਦੇ ਹੇਠਲੇ ਅਧਿਕਾਰੀਆਂ ਦੀ ਕਾਲੀ ਕਮਾਈ ਬੰਦ ਹੁੰਦੀ ਹੈ। ਸ੍ਰੀ ਮੋਨੂੰ ਨੇ ਅੱਗੇ ਦੱਸਿਆ ਕਿ ਇਸ ਖ਼ਬਰ ਤੋਂ ਬਾਅਦ ਇਲਾਕੇ ਦੇ ਡੀ ਐੱਸ ਪੀ ਨੇ ਉਸਨੂੰ ਵ੍ਹਟਸਐਪ ਕਾਲ ਰਾਹੀਂ ਧਮਕੀ ਦਿੰਦਿਆਂ ਕਿਹਾ ਕਿ ਉਸਨੂੰ ਪੁਲਿਸ ਮਹਿਕਮੇ ਖਾਸਕਰ ਉਕਤ ਅਧਿਕਾਰੀ ਖਿਲਾਫ਼ ਲਿਖਣਾ ਮਹਿੰਗਾ ਪਏਗਾ ਅਤੇ ਉਸਨੂੰ ਕਿਸੇ ਝੂਠੇ ਮੁਕੱਦਮੇ ਵਿੱਚ ਉਲਝਾ ਲਿਆ ਜਾਵੇਗਾ।
ਇਸ ਸਬੰਧੀ ਜਦੋਂ ਡੀ ਐੱਸ ਪੀ ਨਵੀਨ ਕੁਮਾਰ ਨਾਲ ਉਹਨਾਂ ਦਾ ਪੱਖ ਜਾਣਨ ਲਈ ਫੋਨ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਧਮਕੀ ਨਾ ਦੇਕੇ ਸਿਰਫ਼ ਉਕਤ ਸੰਪਾਦਕ ਨੂੰ ਇਸ ਨਿਰਅਧਾਰ ਖ਼ਬਰ ਪ੍ਰਕਾਸ਼ਿਤ ਕਰਨ ਤੇ ਮਾਣਹਾਨੀ ਦਾ ਕੇਸ ਕਰਨ ਸਬੰਧੀ ਕਿਹਾ ਸੀ। ਜਦੋਂ ਉਨ੍ਹਾਂ ਨੂੰ ਸ਼ਹਿਰ ਚ ਚਲਦੇ ਸੱਟੇ ਆਦਿ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੀਡੀਆ ਟੀਮ ਜਦੋਂ ਮਰਜ਼ੀ ਆਕੇ ਦੱਸੇ ਗਏ ਇਹਨਾਂ ਇਲਾਕਿਆਂ ਦਾ ਦੌਰਾ ਕਰ ਸਕਦੀ ਹੈ ਲਗਾਏ ਗਏ ਸਾਰੇ ਇਲ੍ਜ਼ਾਮ ਬੇ ਬੁਨਿਆਦ ਹਨ।
