ਇਸ ਸਮਾਗਮ ਵਿੱਚ ਬਚਪਨ ਇੰਗਲਿਸ਼ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਵਾਨੀ ਤੇ ਚੰਗੀ ਕਾਰਗੁਜ਼ਾਰੀ ਲਈ ਇਕਾਈ ਸੰਗਰੂਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ -ਮਾਸਟਰ ਪਰਮਵੇਦ
ਸੰਗਰੂਰ 22 ਨਵੰਬਰ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਪੰਜਾਬ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦਾ ਸੂਬਾਈ ਸਨਮਾਨ ਸਮਾਗਮ 23 ਨਵੰਬਰ ਐਤਵਾਰ ਨੂੰ ਤਰਕਸ਼ੀਲ ਭਵਨ,ਬਰਨਾਲਾ ਵਿਖੇ ਸਵੇਰੇ 11 ਵਜੇ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਾਈ ਸੰਗਰੂਰ ਦੇ ਤਰਕਸ਼ੀਲ ਆਗੂਆਂ ਮਾਸਟਰ ਪਰਮਵੇਦ,ਸੀਤਾ ਰਾਮ ਬਾਲਦ ਕਲਾਂ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਲੈਕਚਰਾਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਛੇਵੀਂ ਤੋਂ ਬਾਰ੍ਹਵੀਂ ਤੇ ਅਪਰ ਸੈਕੰਡਰੀ ਜਮਾਤਾਂ ਵਿੱਚ ਸੂਬਾਈ ਮੈਰਿਟ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਅਤੇ ਉੱਘੇ ਸਾਹਿਤਕਾਰ ਗੁਰਮੀਤ ਕੜਿਆਲਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।
ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਚੇਤਨਾ ਪ੍ਰੀਖਿਆ ਵਿੱਚ ਉੱਤਮ ਕਾਰਗੁਜ਼ਾਰੀ ਵਿਖਾਉਣ ਤੇ ਤਰਕਸ਼ੀਲ ਇਕਾਈ ਸੰਗਰੂਰ ਨੂੰ ਤੇ ਸਥਾਨਕ ਇਕਾਈ ਦੀ ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਵਾਨੀ ਨੂੰ ਸੂਬੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਕਰਕੇ ਸਨਮਾਨਿਤ ਕੀਤਾ ਜਾਵੇਗਾ।
ਤਰਕਸ਼ੀਲ਼ ਸੁਸਾਇਟੀ ਵੱਲੋਂ ਵਿਦਿਆਰਥੀ ਚੇਤਨਾ ਪ੍ਰੀਖਿਆ ਨਾਲ ਸੰਬੰਧਿਤ ਸਮੂਹ ਸਕੂਲ ਮੁਖੀਆਂ,ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ,ਸਮੂਹ ਤਰਕਸ਼ੀਲ ਇਕਾਈਆਂ ਅਤੇ ਜੋਨ ਮੁਖੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਵਿਸ਼ੇਸ਼ ਸੱਦਾ ਦਿੱਤਾ ਹੈ।

